ਨਵੀਂ ਦਿੱਲੀ (ਜੇਐੱਨਐੱਨ) : ਕ੍ਰਿਕਟ ਜਗਤ ਦੇ ਸਭ ਤੋਂ ਵੱਡੇ ਮੈਚ ਫਿਕਸਿੰਗ ਕਾਂਡ ਦੇ ਦੋਸ਼ੀ ਸੰਜੀਵ ਚਾਵਲਾ ਨੂੰ ਹਾਈ ਕੋਰਟ ਨੇ ਨਿਆਂਇਕ ਹਿਰਾਸਤ ਵਿਚ ਜੇਲ੍ਹ ਭੇਜਣ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਉਸ ਨੂੰ 12 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਸੀ। ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਨੇ ਚਾਵਲਾ ਨੂੰ ਲੰਡਨ ਤੋਂ ਲਿਆ ਕੇ ਪਟਿਆਲਾ ਹਾਊਸ ਕੋਰਟ ਵਿਚ ਪੇਸ਼ ਕੀਤਾ ਸੀ ਤੇ ਵੀਰਵਾਰ ਨੂੰ 12 ਦਿਨ ਦੇ ਰਿਮਾਂਡ 'ਤੇ ਲਿਆ ਸੀ। ਸ਼ੁੱਕਰਵਾਰ ਨੂੰ ਚਾਵਲਾ ਨੇ ਹਾਈ ਕੋਰਟ 'ਚ ਅਰਜ਼ੀ ਦਾਇਰ ਕਰ ਕੇ ਹੇਠਲੀ ਅਦਾਲਤ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਚਾਵਲਾ ਦੀ ਪਟੀਸ਼ਨ ਵਿਚ ਕਿਹਾ ਗਿਆ ਸੀ ਕਿ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਯੂਕੇ (ਯੂਨਾਈਟਿਡ ਕਿੰਗਡਮ) ਸਰਕਾਰ ਨੂੰ ਯਕੀਨ ਦਿੱਤਾ ਸੀ ਕਿ ਉਸ ਨੂੰ ਸਿਰਫ਼ ਕੋਰਟ ਟਰਾਇਲ ਦਾ ਸਾਹਮਣਾ ਕਰਵਾਉਣ ਲਈ ਨਿਆਂਇਕ ਹਿਰਾਸਤ ਵਿਚ ਰੱਖਿਆ ਜਾਵੇਗਾ ਜਦਕਿ ਕ੍ਰਾਈਮ ਬਰਾਂਚ ਨੇ ਉਸ ਨੂੰ ਰਿਮਾਂਡ 'ਤੇ ਲੈ ਲਿਆ। ਕਿਉਂਕਿ ਹਾਈ ਕੋਰਟ ਵਿਚ ਕੇਸ ਦੇ ਜਾਂਚ ਅਧਿਕਾਰੀ ਮੌਜੂਦ ਨਹੀਂ ਸਨ ਲਿਹਾਜ਼ਾ ਜਸਟਿਸ ਅਨੂ ਮਲਹੋਤਰਾ ਨੇ ਚਾਵਲਾ ਨੂੰ ਅਗਲੇ ਹੁਕਮਾਂ ਤਕ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਨਾਲ ਹੀ ਕੇਂਦਰ ਤੇ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਕੇ 19 ਫਰਵਰੀ ਤਕ ਜਵਾਬ ਦਾਖ਼ਲ ਕਰਨ ਲਈ ਕਿਹਾ ਗਿਆ ਹੈ।