ਦੁਬਈ (ਪੀਟੀਆਈ) : ਭਾਰਤ ਦੀ ਸਟਾਰ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਆਈਸੀਸੀ ਦੀ ਮੰਗਲਵਾਰ ਨੂੰ ਜਾਰੀ ਨਵੀਂ ਵਨ ਡੇ ਅੰਤਰਰਾਸ਼ਟਰੀ ਮਹਿਲਾ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਅੱਠਵੇਂ ਸਥਾਨ 'ਤੇ ਕਾਇਮ ਹੈ ਜਦਕਿ ਤਜਰਬੇਕਾਰ ਤੇਜ਼ ਗੇਂਦਬਾਜ਼ ਝੂਲਨ ਗੋਸਵਾਮੀ ਨੂੰ ਗੇਂਦਬਾਜ਼ਾਂ ਦੀ ਸੂਚੀ ਵਿਚ ਇਕ ਸਥਾਨ ਦਾ ਨੁਕਸਾਨ ਸਹਿਣਾ ਪਿਆ ਹੈ। ਇਸ ਸਾਲ ਨੌਂ ਵਨ ਡੇ ਮੈਚਾਂ ਵਿਚ 411 ਦੌੜਾਂ ਬਣਾਉਣ ਵਾਲੀ 25 ਸਾਲ ਦੀ ਮੰਧਾਨਾ ਬੱਲੇਬਾਜ਼ੀ ਰੈਂਕਿੰਗ ਵਿਚ ਟਾਪ-10 ਵਿਚ ਸ਼ਾਮਲ ਇੱਕੋ ਇਕ ਭਾਰਤੀ ਹੈ। ਮੰਧਾਨਾ ਨੇ ਵਿਸ਼ਵ ਕੱਪ ਵਿਚ ਵੈਸਟਇੰਡੀਜ਼ ਖ਼ਿਲਾਫ਼ ਸੈਂਕੜਾ ਵੀ ਲਾਇਆ ਸੀ। ਬੱਲੇਬਾਜ਼ੀ ਰੈਂਕਿੰਗ ਵਿਚ ਆਸਟ੍ਰੇਲੀਆ ਦੀ ਏਲਿਸਾ ਹੀਲੀ ਸਿਖਰ 'ਤੇ ਹੈ ਜਦਕਿ ਉਨ੍ਹਾਂ ਤੋਂ ਬਾਅਦ ਇੰਗਲੈਂਡ ਦੀ ਨਤਾਲੀ ਸਕੀਵਰ ਦਾ ਨੰਬਰ ਆਉਂਦਾ ਹੈ। ਝੂਲਨ ਗੇਂਦਬਾਜ਼ੀ ਰੈਂਕਿੰਗ ਵਿਚ ਇਕ ਸਥਾਨ ਦੇ ਨੁਕਸਾਨ ਨਾਲ ਛੇਵੇਂ ਸਥਾਨ 'ਤੇ ਹੈ। ਝੂਲਨ ਨੇ ਇਸ ਸਾਲ ਹੁਣ ਤਕ ਨੌਂ ਵਨ ਡੇ ਮੈਚਾਂ ਵਿਚ 12 ਵਿਕਟਾਂ ਹਾਸਲ ਕੀਤੀਆਂ ਹਨ। ਝੂਲਨ ਨੂੰ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਅਯਾਬੋਂਗਾ ਖਾਕਾ ਨੇ ਪਛਾੜਿਆ, ਜਿਨ੍ਹਾਂ ਨੇ ਆਇਰਲੈਂਡ ਖ਼ਿਲਾਫ਼ ਆਪਣੀ ਟੀਮ ਦੇ ਕਲੀਨ ਸਵੀਪ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇੰਗਲੈਂਡ ਦੀ ਸੋਫੀ ਏਕਲੇਸਟੋਨ ਤੇ ਦੱਖਣੀ ਅਫੀਕਾ ਦੀ ਜੇਨ ਜੋਨਾਸੇਨ ਗੇਂਦਬਾਜ਼ਾਂ ਦੀ ਸੂਚੀ ਵਿਚ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ 'ਤੇ ਕਾਇਮ ਹਨ। ਹਰਫ਼ਨਮੌਲਾ ਦੀ ਸੂਚੀ ਵਿਚ ਭਾਰਤ ਦੀ ਦੀਪਤੀ ਸ਼ਰਮਾ ਸੱਤਵੇਂ ਸਥਾਨ 'ਤੇ ਬਣੀ ਹੋਈ ਹੈ।

Posted By: Gurinder Singh