ਦੁਬਈ (ਪੀਟੀਆਈ) : ਭਾਰਤੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਮੰਗਲਵਾਰ ਨੂੰ ਜਾਰੀ ਆਈਸੀਸੀ ਮਹਿਲਾ ਵਨ ਡੇ ਰੈਂਕਿੰਗ ਵਿਚ ਬੱਲੇਬਾਜ਼ਾਂ ਦੀ ਸੂਚੀ ਵਿਚ ਦੋ ਸਥਾਨ ਦੇ ਨੁਕਸਾਨ ਨਾਲ ਛੇਵੇਂ ਸਥਾਨ 'ਤੇ ਖਿਸਕ ਗਈ ਜਦਕਿ ਝੂਲਨ ਗੋਸਵਾਮੀ ਗੇਂਦਬਾਜ਼ਾਂ ਦੀ ਸੂਚੀ ਵਿਚ ਪੰਜਵੇਂ ਸਥਾਨ 'ਤੇ ਕਾਇਮ ਹੈ। ਇਕ ਹੋਰ ਤਜਰਬੇਕਾਰ ਖਿਡਾਰਨ ਮਿਤਾਲੀ ਰਾਜ 687 ਅੰਕਾਂ ਨਾਲ ਨੌਵੇਂ ਸਥਾਨ 'ਤੇ ਹੈ ਤੇ ਬੱਲੇਬਾਜ਼ੀ ਰੈਂਕਿੰਗ ਵਿਚ ਚੋਟੀ ਦੀਆਂ 10 ਵਿਚ ਸ਼ਾਮਲ ਦੂਜੀ ਭਾਰਤੀ ਬੱਲੇਬਾਜ਼ ਹੈ। ਸਮਿ੍ਤੀ ਦੇ 732 ਅੰਕ ਹਨ। ਇੰਗਲੈਂਡ ਦੀ ਸਲਾਮੀ ਬੱਲੇਬਾਜ਼ ਟੈਮੀ ਬਿਊਮੋਂਟ ਨਿਊਜ਼ੀਲੈਂਡ ਖ਼ਿਲਾਫ਼ ਸੀਰੀਜ਼ ਵਿਚ 2-1 ਦੀ ਜਿੱਤ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੰਜ ਸਥਾਨ ਦੀ ਛਾਲ ਲਾ ਕੇ ਚੋਟੀ 'ਤੇ ਪੁੱਜ ਗਈ ਹੈ। ਟੈਮੀ ਨੇ ਵੈਸਟਇੰਡੀਜ਼ ਦੀ ਸਟੈਫਨੀ ਟੇਲਰ ਤੇ ਨਿਊਜ਼ੀਲੈਂਡ ਦੀ ਏਮੀ ਸੇਟਰਥਵੇਟ ਵਰਗੀਆਂ ਖਿਡਾਰਨਾਂ ਨੂੰ ਪਛਾੜਿਆ ਤੇ ਦੂਜੇ ਸਥਾਨ 'ਤੇ ਮੌਜੂਦ ਆਸਟ੍ਰੇਲੀਆ ਦੀ ਕਪਤਾਨ ਮੇਗ ਲੇਨਿੰਗ 'ਤੇ 16 ਅੰਕਾਂ ਦੀ ਬੜ੍ਹਤ ਬਣਾ ਲਈ। ਝੂਲਨ ਗੋਸਵਾਮੀ (691), ਪੂਨਮ ਯਾਦਵ (679), ਸ਼ਿਖਾ ਪਾਂਡੇ (675) ਤੇ ਦੀਪਤੀ ਸ਼ਰਮਾ (639) ਗੇਂਦਬਾਜ਼ਾਂ ਦੀ ਸੂਚੀ ਵਿਚ ਟਾਪ-10 ਵਿਚ ਸ਼ਾਮਲ ਹਨ। ਇਹ ਸਾਰੀਆਂ ਆਪਣੀ ਪਿਛਲੀ ਰੈਂਕਿੰਗ 'ਤੇ ਕਾਇਮ ਹਨ।

ਸਿਖਰ 'ਤੇ ਕਾਇਮ ਹੈ ਜੇਸ ਜੋਨਾਸੇਨ :

ਗੇਂਦਬਾਜ਼ਾਂ 'ਚ ਆਸਟ੍ਰੇਲੀਆ ਦੀ ਜੇਸ ਜੋਨਾਸੇਨ 804 ਅੰਕਾਂ ਨਾਲ ਚੋਟੀ 'ਤੇ ਕਾਇਮ ਹੈ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੀ ਹਮਵਤਨ ਮੇਗਾਨ ਸ਼ੁਟ (735) ਦਾ ਨੰਬਰ ਆਉਂਦਾ ਹੈ। ਹਰਫ਼ਨਮੌਲਾ ਦੀ ਸੂਚੀ ਵਿਚ ਦੀਪਤੀ 359 ਅੰਕਾਂ ਨਾਲ ਚੌਥੇ ਸਥਾਨ 'ਤੇ ਬਣੀ ਹੋਈ ਹੈ। ਆਸਟ੍ਰੇਲੀਆ ਦੀ ਏਲਿਸ ਪੈਰੀ ਸਿਖਰ 'ਤੇ ਚੱਲ ਰਹੀ ਹੈ।

Posted By: Susheel Khanna