ਕੋਲਕਾਤਾ (ਪੀਟੀਆਈ) : ਭਾਰਤ ਖ਼ਿਲਾਫ਼ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਡੇ-ਨਾਈਟ ਟੈਸਟ ਮੈਚ ਤੋਂ ਠੀਕ ਪਹਿਲਾਂ ਬੰਗਲਾਦੇਸ਼ ਕ੍ਰਿਕਟ ਟੀਮ ਦੇ ਰਿਜ਼ਰਵ ਓਪਨਰ ਬੱਲੇਬਾਜ਼ ਸੈਫ਼ ਹਸਨ ਇਸ ਮੁਕਾਬਲੇ 'ਚੋਂ ਬਾਹਰ ਹੋ ਗਏ ਹਨ। ਉਂਗਲੀ 'ਤੇ ਲੱਗੀ ਸੱਟ ਕਾਰਨ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਰ ਦਿੱਤਾ ਗਿਆ ਹੈ। 21 ਸਾਲ ਦੇ ਸੈਫ਼ ਹਸਨ ਦੀ ਉਂਗਲੀ ਵਿਚ ਇੰਦੌਰ ਟੈਸਟ ਮੈਚ ਦੌਰਾਨ ਫੀਲਡਿੰਗ ਕਰਦੇ ਹੋਏ ਸੱਟ ਲੱਗੀ ਸੀ। ਇੰਦੌਰ ਟੈਸਟ ਵਿਚ ਉਹ ਬਤੌਰ ਬਦਲਵੇਂ ਖਿਡਾਰੀ ਵਜੋਂ ਮੈਦਾਨ 'ਤੇ ਫੀਲਡਿੰਗ ਕਰਨ ਉਤਰੇ ਸਨ। ਉਥੇ ਦੋ ਟੈਸਟ ਮੈਚਾਂ ਦੀ ਸੀਰੀਜ਼ ਵਿਚ ਟੀਮ ਇੰਡੀਆ ਫ਼ਿਲਹਾਲ 1-0 ਨਾਲ ਅੱਗੇ ਹੈ। ਅਜਿਹਾ ਮੰਨਿਆ ਜਾ ਰਿਹਾ ਸੀ ਕਿ ਕੋਲਕਾਤਾ ਟੈਸਟ ਮੈਚ ਰਾਹੀਂ ਸੈਫ਼ ਹਸਨ ਟੈਸਟ ਕ੍ਰਿਕਟ ਵਿਚ ਸ਼ੁਰੂਆਤ ਕਰ ਸਕਦੇ ਹਨ ਪਰ ਉਂਗਲੀ ਦੀ ਸੱਟ ਕਾਰਨ ਹੁਣ ਉਨ੍ਹਾਂ ਦੀ ਉਡੀਕ ਲੰਬੀ ਹੋ ਗਈ। ਉਥੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਸ਼ੁੱਕਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਟੈਸਟ ਮੈਚ ਤਕ ਉਹ ਫਿੱਟ ਹੋ ਜਾਣਗੇ ਪਰ ਅਜਿਹਾ ਨਾ ਹੋ ਸਕਿਆ ਤਾਂ ਉਨ੍ਹਾਂ ਨੂੰ ਟੀਮ 'ਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਗਿਆ। ਬੰਗਲਾਦੇਸ਼ ਕ੍ਰਿਕਟ ਬੋਰਡ ਵੱਲੋਂ ਜਾਰੀ ਕੀਤੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੈਫ ਦੀ ਸੱਟ ਅਜੇ ਤਕ ਠੀਕ ਨਹੀਂ ਹੋਈ ਹੈ ਤੇ ਮੈਡੀਕਲ ਟੀਮ ਦੀ ਇਹ ਸਲਾਹ ਹੈ ਕਿ ਉਹ ਆਰਾਮ ਰਾਹੀਂ ਹੀ ਆਪਣੀ ਸੱਟ ਠੀਕ ਕਰ ਸਕਦੇ ਹਨ। ਮੈਡੀਕਲ ਟੀਮ ਦੀ ਸਲਾਹ ਤੋਂ ਬਾਅਦ ਉਨ੍ਹਾਂ ਨੂੰ ਦੂਜੇ ਟੈਸਟ ਮੈਚ 'ਚੋਂ ਬਾਹਰ ਕੀਤਾ ਜਾ ਰਿਹਾ ਹੈ।