ਮੁੰਬਈ (ਪੀਟੀਆਈ) : ਭਾਰਤੀ ਕਪਤਾਨ ਵਿਰਾਟ ਕੋਹਲੀ ਮੰਗਲਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਪਹਿਲੇ ਵਨ ਡੇ ਮੈਚ ਵਿਚ ਇਕ ਹੋਰ ਉਪਲੱਬਧੀ ਦਰਜ ਕਰਨ ਦੇ ਇਰਾਦੇ ਨਾਲ ਉਤਰਨਗੇ। ਕੋਹਲੀ ਘਰੇਲੂ ਜ਼ਮੀਨ 'ਤੇ ਸਭ ਤੋਂ ਜ਼ਿਆਦਾ ਵਨ ਡੇ ਅੰਤਰਰਾਸ਼ਟਰੀ ਸੈਂਕੜਿਆਂ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਬਰਾਬਰੀ ਕਰਨ ਤੋਂ ਸਿਰਫ਼ ਇਕ ਸੈਂਕੜਾ ਦੂਰ ਹਨ। ਘਰੇਲੂ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ 20 ਵਨ ਡੇ ਅੰਤਰਰਾਸ਼ਟਰੀ ਸੈਂਕੜੇ ਲਾਉਣ ਦਾ ਭਾਰਤੀ ਰਿਕਾਰਡ ਤੇਂਦੁਲਕਰ ਦੇ ਨਾਂ ਦਰਜ ਹੈ। ਕੋਹਲੀ ਦੇ ਨਾਂ 'ਤੇ ਘਰੇਲੂ ਜ਼ਮੀਨ 'ਤੇ 19 ਸੈਂਕੜੇ ਹਨ ਤੇ ਮੰਗਲਵਾਰ ਨੂੰ ਆਸਟ੍ਰੇਲੀਆ ਖ਼ਿਲਾਫ਼ ਉਨ੍ਹਾਂ ਕੋਲ ਤੇਂਦੁਲਕਰ ਦੀ ਬਰਾਬਰੀ ਕਰਨ ਦਾ ਮੌਕਾ ਹੋਵੇਗਾ। ਇਸ ਤੋਂ ਪਹਿਲਾਂ ਕੋਹਲੀ ਸ੍ਰੀਲੰਕਾ ਖ਼ਿਲਾਫ਼ ਟੀ-20 ਸੀਰੀਜ਼ ਵਿਚ ਭਾਰਤ ਦੀ 2-0 ਦੀ ਜਿੱਤ ਦੌਰਾਨ ਤਿੰਨਾਂ ਫਾਰਮੈਟਾਂ ਵਿਚ ਕਪਤਾਨ ਦੇ ਰੂਪ ਵਿਚ ਸਭ ਤੋਂ ਤੇਜ਼ੀ ਨਾਲ 11000 ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣੇ ਸਨ।