ਨਵੀਂ ਦਿੱਲੀ (ਆਈਏਐੱਨਐੱਸ) : ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਤੇ ਸੀਨੀਅਰ ਚੋਣ ਕਮੇਟੀ ਦੇ ਮੈਂਬਰ ਸਬਾ ਕਰੀਮ ਦਾ ਮੰਨਣਾ ਹੈ ਕਿ ਟੀ-20 ਵਿਸ਼ਵ ਕੱਪ ਲਈ ਜਸਪ੍ਰਰੀਤ ਬੁਮਰਾਹ ਦੀ ਥਾਂ ਮੁਹੰਮਦ ਸ਼ਮੀ ਨੂੰ ਟੀਮ ਵਿਚ ਲੈਣਾ ਚਾਹੀਦਾ ਹੈ।

ਸ਼ਮੀ ਟੀ-20 ਵਿਸ਼ਵ ਕੱਪ ਲਈ ਸਟੈਂਡਬਾਈ ਖਿਡਾਰੀਆਂ ਵਿਚ ਸ਼ਾਮਲ ਹਨ। ਸ਼ਮੀ ਆਸਟ੍ਰੇਲੀਆ ਖ਼ਿਲਾਫ਼ ਟੀ-20 ਸੀਰੀਜ਼ ਵਿਚ ਨਹੀਂ ਖੇਡੇ ਸਨ ਤੇ ਕੋਵਿਡ-19 ਪੀੜਤ ਹੋਣ ਕਾਰਨ ਦੱਖਣੀ ਅਫਰੀਕਾ ਖ਼ਿਲਾਫ਼ ਸੀਰੀਜ਼ ਤੋਂ ਬਾਹਰ ਸਨ। ਉਨ੍ਹਾਂ ਦੀ ਰਿਪੋਰਟ ਪਿਛਲੇ ਦਿਨੀਂ ਨੈਗੇਟਿਵ ਆਈ ਸੀ ਤੇ ਉਨ੍ਹਾਂ ਨੇ ਯੂਏਈ ਵਿਚ ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਬਾਅਦ ਤੋਂ ਟੀ-20 ਮੈਚ ਨਹੀਂ ਖੇਡਿਆ ਹੈ। ਕਰੀਮ ਨੇ ਕਿਹਾ ਕਿ ਬੁਮਰਾਹ ਇਕ ਅਜੀਬ ਗੇਂਦਬਾਜ਼ ਹਨ। ਟੀ-20 ਫਾਰਮੈਟ ਵਿਚ ਤੁਹਾਨੂੰ ਅਜਿਹੇ ਗੇਂਦਬਾਜ਼ ਦੀ ਭਾਲ ਰਹਿੰਦੀ ਹੈ ਜੋ ਨਵੀਂ ਗੇਂਦ ਨਾਲ ਵਿਕਟਾਂ ਕੱਢੇ ਤੇ ਫਿਰ ਆਖ਼ਰੀ ਓਵਰਾਂ ਵਿਚ ਵੀ ਗੇਂਦਬਾਜ਼ੀ ਕਰ ਸਕੇ। ਬੁਮਰਾਹ ਅਜਿਹਾ ਕਰ ਸਕਦੇ ਹਨ ਤੇ ਪਿਛਲੇ ਸਾਲਾਂ ਵਿਚ ਰਾਸ਼ਟਰੀ ਟੀਮ ਦੇ ਅਹਿਮ ਮੈਂਬਰ ਰਹੇ ਹਨ। ਇਸ ਲਈ ਉਨ੍ਹਾਂ ਦਾ ਵਿਸ਼ਵ ਕੱਪ ਦੀ ਟੀਮ ਵਿਚ ਨਾ ਹੋਣਾ ਭਾਰਤ ਲਈ ਵੱਡਾ ਝਟਕਾ ਹੋ ਸਕਦਾ ਹੈ।

ਸਬਾ ਕਰੀਮ ਨੇ ਕਿਹਾ ਕਿ ਮੈਂ ਸ਼ਮੀ ਦੇ ਨਾਲ ਜਾਵਾਂਗਾ ਕਿਉਂਕਿ ਉਹ ਇਕ ਅਜਿਹੇ ਗੇਂਦਬਾਜ਼ ਹਨ ਜੋ ਮੌਕਾ ਮਿਲਣ 'ਤੇ ਹਮੇਸ਼ਾ ਭਾਰਤ ਲਈ ਚੰਗਾ ਕਰਦੇ ਹਨ। ਨਾਲ ਹੀ ਤੁਹਾਨੂੰ ਕੋਈ ਅਜਿਹਾ ਤਜਰਬੇਕਾਰ ਗੇਂਦਬਾਜ਼ ਚਾਹੀਦਾ ਹੈ ਜੋ ਸ਼ੁਰੂਆਤ ਵਿਚ ਵਿਕਟਾਂ ਕੱਢ ਦੇਵੇ। ਭਾਰਤ ਨੂੰ ਪਾਵਰਪਲੇ ਵਿਚ ਵਿਕਟਾਂ ਲੈਣ ਵਾਲੇ ਗੇਂਦਬਾਜ਼ ਦੀ ਭਾਲ ਹੈ ਤੇ ਸ਼ਮੀ ਇਹ ਕੰਮ ਪੂਰਾ ਕਰ ਸਕਦੇ ਹਨ। ਮੌਜੂਦਾ ਸਮੇਂ ਵਿਚ ਪਾਵਰਪਲੇ ਦੀ ਤੁਲਨਾ ਵਿਚ ਆਖ਼ਰੀ ਓਵਰਾਂ ਦੀ ਗੇਂਦਬਾਜ਼ੀ ਭਾਰਤ ਦੀ ਸਭ ਤੋਂ ਵੱਡੀ ਚਿੰਤਾ ਹੈ। ਹਰਸ਼ਲ ਪਟੇਲ ਆਪਣੀ ਲੈਅ ਭਾਲ ਰਹੇ ਹਨ ਤੇ ਭੁਵਨੇਸ਼ਵਰ ਕੁਮਾਰ ਦੌੜਾਂ ਰੋਕਣ ਵਿਚ ਨਾਕਾਮ ਰਹੇ ਹਨ। ਸਬਾ ਨੂੰ ਲਗਦਾ ਹੈ ਕਿ ਹੋਰ ਗੇਂਦਬਾਜ਼ਾਂ ਨੂੰ ਹੁਣ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।

ਉਨ੍ਹਾਂ ਨੇ ਕਿਹਾ ਕਿ ਦਬਾਅ ਵਾਲੇ ਆਖ਼ਰੀ ਓਵਰਾਂ ਵਿਚ ਗੇਂਦਬਾਜ਼ੀ ਕਰਨ ਲਈ ਤੁਹਾਨੂੰ ਅਜਿਹੇ ਗੇਂਦਬਾਜ਼ ਚਾਹੀਦੇ ਹਨ ਜਿਨ੍ਹਾਂ ਨੂੰ ਆਪਣੀ ਸਮਰੱਥਾ ਦਾ ਪਤਾ ਹੋਵੇ ਤੇ ਜੋ ਉਸ ਮੁਤਾਬਕ ਗੇਂਦਬਾਜ਼ੀ ਕਰ ਸਕਣ। ਇਸ ਲਈ ਬੁਮਰਾਹ ਦੀ ਗ਼ੈਰਮੌਜੂਦਗੀ ਵਿਚ ਹੋਰ ਗੇਂਦਬਾਜ਼ਾਂ ਨੂੰ ਆਪਣਾ ਹੱਥ ਖੜ੍ਹਾ ਕਰਨਾ ਪਵੇਗਾ ਤੇ ਟੀਮ ਲਈ ਯੋਗਦਾਨ ਦੇਣਾ ਪਵੇਗਾ।

Posted By: Gurinder Singh