ਅਹਿਮਦਾਬਾਦ (ਪੀਟੀਆਈ) : ਸਿਤਾਰਿਆਂ ਨਾਲ ਸਜੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੀ ਟੀਮ ਸੋਮਵਾਰ ਨੂੰ ਇੱਥੇ ਆਈਪੀਐੱਲ ਵਿਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਨੂੰ ਹਰਾ ਕੇ ਜਿੱਤ ਦੀ ਲੈਅ ਵਿਚ ਵਾਪਸ ਮੁੜਨ ਦੀ ਕੋਸ਼ਿਸ਼ ਕਰੇਗੀ। ਲਗਾਤਾਰ ਚਾਰ ਜਿੱਤਾਂ ਨਾਲ ਇਕ ਸਮੇਂ ਚੋਟੀ 'ਤੇ ਚੱਲ ਰਹੀ ਵਿਰਾਟ ਕੋਹਲੀ ਦੀ ਅਗਵਾਈ ਵਾਲੀ ਆਰਸੀਬੀ ਪਿਛਲੇ ਤਿੰਨ ਮੈਚਾਂ ਵਿਚੋਂ ਦੋ ਹਾਰਾਂ ਤੋਂ ਬਾਅਦ ਤੀਜੇ ਸਥਾਨ 'ਤੇ ਖਿਸਕ ਗਈ ਹੈ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਜੇ ਦਿੱਲੀ ਕੈਪੀਟਲਜ਼ ਦੇ ਰਿਸ਼ਭ ਪੰਤ ਤੇ ਸ਼ਿਮਰੋਨ ਹੇਟਮਾਇਰ ਦੀ ਹਮਲਾਵਰ ਜੋੜੀ ਖ਼ਿਲਾਫ਼ ਆਖ਼ਰੀ ਓਵਰਾਂ ਵਿਚ 14 ਦੌੜਾਂ ਦਾ ਬਚਾਅ ਨਾ ਕਰਦੇ ਤਾਂ ਆਰਸੀਬੀ ਆਪਣੇ ਪਿਛਲੇ ਤਿੰਨ ਮੈਚ ਗੁਆ ਚੁੱਕੀ ਹੁੰਦੀ।

ਕੇਕੇਆਰ 'ਤੇ ਦਬਾਅ ਪਾਉਣ ਲਈ ਟੀਮ ਦੀਆਂ ਨਜ਼ਰਾਂ ਆਪਣੇ ਸਿਖਰਲੇ ਬੱਲੇਬਾਜ਼ਾਂ ਕੋਹਲੀ, ਏਬੀ ਡਿਵਿਲੀਅਰਜ਼ ਤੇ ਗਲੇਨ ਮੈਕਸਵੈਲ 'ਤੇ ਟਿਕੀਆਂ ਹੋਣਗੀਆਂ। ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਵੀ ਵੱਡੀ ਪਾਰੀ ਖੇਡਣ ਲਈ ਬੇਤਾਬ ਹੋਣਗੇ ਕਿਉਂਕਿ ਉਹ ਰਾਜਸਥਾਨ ਰਾਇਲਜ਼ ਖ਼ਿਲਾਫ਼ ਅਜੇਤੂ 101 ਦੌੜਾਂ ਤੋਂ ਬਾਅਦ ਚੰਗੀ ਪਾਰੀ ਨਹੀਂ ਖੇਡ ਸਕੇ ਹਨ। ਇਆਨ ਮਾਰਗਨ ਦੀ ਅਗਵਾਈ ਵਿਚ ਸੈਸ਼ਨ ਦੀ ਜਿੱਤ ਨਾਲ ਸ਼ੁਰੂਆਤ ਕਰਨ ਵਾਲੀ ਕੇਕੇਆਰ ਉਮੀਦ ਮੁਤਬਕ ਪ੍ਰਦਰਸ਼ਨ ਨਹੀਂ ਕਰ ਸਕੀ ਹੈ ਤੇ ਉਸ ਨੂੰ ਸੱਤ ਮੈਚਾਂ ਵਿਚੋਂ ਪੰਜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤੇ ਉਸ 'ਤੇ ਲਗਾਤਾਰ ਤੀਜੇ ਸੈਸ਼ਨ ਵਿਚ ਜਲਦੀ ਬਾਹਰ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ। ਸ਼ੁਭਮਨ ਗਿੱਲ, ਨਿਤੀਸ਼ ਰਾਣਾ ਤੇ ਰਾਹੁਲ ਤਿ੍ਪਾਠੀ ਟੀਮ ਨੂੰ ਚੰਗੀ ਸ਼ੁਰੂਆਤ ਦੇਣ ਵਿਚ ਨਾਕਾਮ ਰਹੇ ਹਨ। ਗਿੱਲ ਲਗਾਤਾਰ ਜੂਝ ਰਹੇ ਹਨ ਤੇ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿਚ ਬਦਲਣ ਵਿਚ ਨਾਕਾਮ ਰਹੇ ਹਨ ਜਦਕਿ ਰਾਣਾ ਤੇ ਤਿ੍ਪਾਠੀ ਨੇ ਟੁਕੜਿਆਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ।

ਪਿਛਲੇ ਸਾਲ ਯੂਏਈ ਵਿਚ ਟੀਮ ਨੇ ਦਿਨੇਸ਼ ਕਾਰਤਿਕ ਦੀ ਅਗਵਾਈ ਵਿਚ ਇਸ ਤੋਂ ਕੁਝ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਚਾਰ ਮੈਚ ਜਿੱਤੇ ਸਨ ਤੇ ਤਿੰਨ ਗੁਆਏ ਸਨ ਪਰ ਫਿਰ ਉਨ੍ਹਾਂ ਨੇ ਕਪਤਾਨੀ ਛੱਡ ਦਿੱਤੀ ਤੇ ਇੰਗਲੈਂਡ ਦੇ ਵਿਸ਼ਵ ਕੱਪ ਜੇਤੂ ਕਪਤਾਨ ਮਾਰਗਨ ਨੂੰ ਟੀਮ ਦੀ ਜ਼ਿੰਮੇਵਾਰੀ ਸੌਂਪੀ ਗਈ।

ਮਾਰਗਨ ਨੂੰ ਲੈਣਗੇ ਪੈਣਗੇ ਸਖ਼ਤ ਫ਼ੈਸਲੇ

ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਮਾਰਗਨ ਨੂੰ ਸਿਖਰਲੇ ਬੱਲੇਬਾਜ਼ਾਂ ਨੂੰ ਲੈ ਕੇ ਸਖ਼ਤ ਫ਼ੈਸਲੇ ਲੈਣ ਦੀ ਲੋੜ ਹੈ। ਟੀਮ ਨੇ ਮੌਜੂਦਾ ਸੈਸ਼ਨ ਵਿਚ ਆਪਣੇ ਨਵੇਂ ਖਿਡਾਰੀ ਕਰੁਣ ਨਾਇਰ ਨੂੰ ਹੁਣ ਤਕ ਮੌਕਾ ਨਹੀਂ ਦਿੱਤਾ ਹੈ ਜਿਨ੍ਹਾਂ ਦਾ ਸਟ੍ਰਾਈਕ ਰੇਟ 155.49 ਹੈ ਤੇ ਉਹ ਟੀ-20 ਵਿਚ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਦੋ ਸੈਂਕੜੇ ਲਾ ਚੁੱਕੇ ਹਨ। ਟੀਮ ਦੇ ਗੇਂਦਬਾਜ਼ਾਂ ਖ਼ਾਸ ਕਰ ਸੁਨੀਲ ਨਰੇਨ ਤੇ ਵਰੁਣ ਚੱਕਰਵਰਤੀ ਦੀ ਸਪਿੰਨ ਜੋੜੀ ਨੇ ਪ੍ਰਭਾਵਿਤ ਕੀਤਾ ਹੈ।