ਨਵੀਂ ਦਿੱਲੀ (ਜੇਐੱਨਐੱਨ) : ਆਈਪੀਐੱਲ ਦੇ 13ਵੇਂ ਐਡੀਸ਼ਨ ਵਿਚ ਜੇ ਕੋਈ ਟੀਮ ਆਪਣਾ ਚੋਕਰ ਦਾ ਤਮਗਾ ਹਟਾਉਣਾ ਚਾਹੇਗੀ ਤਾਂ ਉਹ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਹੈ। ਆਪਣੀ ਕਪਤਾਨੀ ਵਿਚ ਭਾਰਤੀ ਟੀਮ ਨੂੰ ਜਿੱਤ ਦਿਵਾਉਣ ਦਾ ਜਨੂੰਨ ਰੱਖਣ ਵਾਲੇ ਵਿਰਾਟ ਕੋਹਲੀ ਲਈ ਹੁਣ ਆਰਸੀਬੀ ਨੂੰ ਆਈਪੀਐੱਲ ਖ਼ਿਤਾਬ ਦਿਵਾਉਣਾ ਚੁਣੌਤੀ ਬਣ ਗਿਆ ਹੈ। ਅਜਿਹਾ ਕੋਹਲੀ ਵੀ ਮੰਨਦੇ ਹਨ ਤੇ ਉਹ ਜਾਣਦੇ ਹਨ ਕਿ ਵਿਸ਼ਵ ਕੱਪ ਟਰਾਫੀ ਤੇ ਆਈਪੀਐੱਲ ਖ਼ਿਤਾਬ ਉਨ੍ਹਾਂ ਦੇ ਕਰੀਅਰ ਦੇ ਅਧੂਰੇ ਸੁਪਨੇ ਹਨ। ਹੁਣ ਦੇਖਣਾ ਪਵੇਗਾ ਕਿ ਆਰੋਨ ਫਿੰਚ, ਏਬੀ ਡਿਵੀਲੀਅਰਜ਼, ਡੇਲ ਸਟੇਨ ਤੇ ਵਿਰਾਟ ਕੋਹਲੀ ਨਾਲ ਸਜੀ ਇਹ ਟੀਮ ਇਸ ਵਾਰ ਕੀ ਕਾਰਨਾਮਾ ਦਿਖਾਉਂਦੀ ਹੈ।

ਤਿਕੜੀ 'ਤੇ ਜ਼ਿੰਮੇਵਾਰੀ

ਆਰਸੀਬੀ ਦੀ ਟੀਮ ਪਿਛਲੀਆਂ 12 ਕੋਸ਼ਿਸ਼ਾਂ ਵਿਚ ਅਜੇ ਤਕ ਇਕ ਵੀ ਖ਼ਿਤਾਬ ਨਹੀਂ ਜਿੱਤ ਸਕੀ ਹੈ। ਹਾਲਾਂਕਿ, ਉਹ ਤਿੰਨ ਵਾਰ 2009, 2011 ਤੇ 2016 ਵਿਚ ਆਈਪੀਐੱਲ ਖ਼ਿਤਾਬ ਦੀ ਮਜ਼ਬੂਤ ਦਾਅਵੇਦਾਰ ਨਜ਼ਰ ਆ ਰਹੀ ਸੀ ਤੇ ਤਿੰਨੇ ਵਾਰ ਫਾਈਨਲ ਵਿਚ ਪੁੱਜੀ ਸੀ। ਆਰਸੀਬੀ ਕੋਲ ਕੋਹਲੀ ਤੇ ਡਿਵੀਲੀਅਰਜ਼ ਤੋਂ ਇਲਾਵਾ ਫਿੰਚ ਹਨ। ਫਿੰਚ ਟੀ-20 ਕ੍ਰਿਕਟ ਦੇ ਇਤਿਹਾਸ ਵਿਚ ਦੋ ਵਾਰ 150 ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਇੱਕੋ ਇਕ ਖਿਡਾਰੀ ਹਨ। ਉਥੇ ਡਿਵੀਲੀਅਰਜ਼ ਬਾਰੇ ਕੁਝ ਵੀ ਕਹਿਣ ਦੀ ਸ਼ਾਇਦ ਲੋੜ ਨਹੀਂ ਹੈ। ਨਾਲ ਹੀ ਨੌਜਵਾਨ ਬੱਲੇਬਾਜ਼ ਦੇਵਦੱਤ ਪਡੀਕਲ ਨੂੰ ਵੀ ਜੇ ਇਸ ਵਾਰ ਮੌਕਾ ਮਿਲਿਆ ਤਾਂ ਉਹ ਆਪਣਾ ਦਮ ਦਿਖਾ ਸਕਦੇ ਹਨ। ਪਡੀਕਲ ਸਈਅਦ ਮੁਸ਼ਤਾਕ ਅਲੀ ਟਰਾਫੀ 2019-20 ਦੇ ਟਾਪ ਸਕੋਰਰ ਰਹੇ ਜਿਨ੍ਹਾਂ ਨੇ 580 ਦੌੜਾਂ ਬਣਾਈਆਂ ਸਨ। ਉਥੇ ਮੋਇਨ ਅਲੀ ਤੇ ਸ਼ਿਵਮ ਦੂਬੇ ਵੀ ਚਮਕ ਦਿਖਾਉਣ ਲਈ ਤਿਆਰ ਹੋਣਗੇ।

ਤਾਕਤ

ਆਰਸੀਬੀ ਕੋਲ ਡੇਲ ਸਟੇਨ, ਨਵਦੀਪ ਸੈਣੀ, ਉਮੇਸ਼ ਯਾਦਵ ਵਰਗੇ ਗੇਂਦਬਾਜ਼ਾਂ ਦੀ ਤਿਕੜੀ ਹੈ ਜੋ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਹਨ ਤੇ ਆਰਸੀਬੀ ਦੀ ਸਭ ਤੋਂ ਵੱਡੀ ਤਾਕਤ ਹਨ। ਪਿਛਲੇ ਸੈਸ਼ਨਾਂ ਦੀ ਗੱਲ ਕਰੀਏ ਤਾਂ ਆਰਸੀਬੀ ਮੈਨੇਜਮੈਂਟ ਸਹੀ ਇਲੈਵਨ ਦੀ ਚੋਣ ਕਰਨ ਵਿਚ ਨਾਕਾਮ ਰਹੀ ਹੈ ਜਿਸ ਦਾ ਖਮਿਆਜਾ ਆਰਸੀਬੀ ਨੂੰ ਹਾਰ ਨਾਲ ਸਹਿਣਾ ਪਿਆ ਕਿਉਂਕਿ ਇਕ ਗ਼ਲਤੀ ਨੇ ਹੀ ਮੈਚ ਦਾ ਰੁਖ਼ ਵਿਰੋਧੀ ਟੀਮ ਵੱਲ ਮੋੜ ਦਿੱਤਾ।

ਕਮਜ਼ੋਰੀ

ਆਰਸੀਬੀ ਦੀ ਕਮਜ਼ੋਰੀ ਸੰਤੁਲਿਤ ਟੀਮ ਨਾ ਚੁਣ ਸਕਣਾ ਤੇ ਹਰਫ਼ਨਮੌਲਾ ਹਨ। ਮੋਇਨ ਅਲੀ ਪਿਛਲੇ ਸੈਸ਼ਨ ਵਿਚ ਔਸਤ ਪ੍ਰਦਰਸ਼ਨ ਹੀ ਕਰ ਸਕੇ ਸਨ ਤੇ ਕੋਹਲੀ 'ਤੇ ਜ਼ਿਆਦਾ ਇਹੀ ਕਮਜ਼ੋਰੀ ਭਾਰੀ ਪਈ। ਨਾਲ ਹੀ ਕੋਹਲੀ ਤੇ ਡਿਵੀਲੀਅਰਜ਼ ਦੇ ਜਲਦ ਆਊਟ ਹੋਣ ਤੋਂ ਬਾਅਦ ਹੋਰ ਬੱਲੇਬਾਜ਼ਾਂ ਵਿਚ ਵੱਡਾ ਸਕੋਰ ਬਣਾਉਣ ਦਾ ਦਮ ਨਹੀਂ ਹੈ।

ਟੀਮ 'ਚ ਸ਼ਾਮਲ ਖਿਡਾਰੀ

ਵਿਰਾਟ ਕੋਹਲੀ (ਕਪਤਾਨ), ਏਬੀ ਡਿਵੀਲੀਅਰਜ਼, ਦੇਵਦਤ ਪਡੀਕਲ, ਗੁਰਕੀਰਤ ਸਿੰਘ, ਮੋਇਨ ਅਲੀ, ਮੁਹੰਮਦ ਸਿਰਾਜ, ਨਵਦੀਪ ਸੈਣੀ, ਪਾਰਥਿਵ ਪਟੇਲ, ਪਵਨ ਨੇਗੀ, ਸ਼ਿਵਮ ਦੂਬੇ, ਉਮੇਸ਼ ਯਾਦਵ, ਵਾਸ਼ਿੰਗਟਨ ਸੁੰਦਰ, ਯੁਜਵਿੰਦਰ ਸਿੰਘ ਚਹਿਲ, ਆਰੋਨ ਫਿੰਚ, ਕ੍ਰਿਸ ਮੌਰਿਸ, ਡੇਲ ਸਟੇਨ, ਇਸਰੂ ਉਦਾਨਾ, ਜੋਸ਼ੂਆ ਫਿਲਿਪ, ਕੇਨ ਰਿਚਰਡਸਨ, ਪਵਨ ਦੇਸ਼ਪਾਂਡੇ, ਸ਼ਾਹਬਾਜ਼ ਨਦੀਮ।