ਅਹਿਮਦਾਬਾਦ (ਜੇਐੱਨਐੱਨ) : ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ਖ਼ਿਲਾਫ਼ ਬੁੱਧਵਾਰ ਤੋਂ ਸ਼ੁਰੂ ਹੋ ਰਹੇ ਤੀਜੇ ਡੇ-ਨਾਈਟ ਟੈਸਟ ਵਿਚ ਉਨ੍ਹਾਂ ਦਾ ਗੇਂਦਬਾਜ਼ੀ ਹਮਲਾ ਕੀ ਹੋਣਾ ਚਾਹੀਦਾ ਹੈ ਇਸ ਨੂੰ ਲੈ ਕੇ ਉਹ ਅਜੇ ਸਪੱਸ਼ਟ ਨਹੀਂ ਹਨ ਤੇ ਇਸ ਨੂੰ ਆਖ਼ਰੀ ਰੂਪ ਦੇਣ ਤੋਂ ਪਹਿਲਾਂ ਉਹ ਕੁਝ ਹੋਰ ਸਮਾਂ ਉਡੀਕ ਕਰਨਗੇ। ਰੂਟ ਨੇ ਕਿਹਾ ਕਿ ਇਸ ਮੈਦਾਨ 'ਤੇ ਗੁਲਾਬੀ ਗੇਂਦ ਦੀ ਕ੍ਰਿਕਟ ਨੂੰ ਲੈ ਕੇ ਸਾਡੇ ਕੋਲ ਜੋ ਸੀਮਤ ਸੂਚਨਾ ਹੈ ਉਸ ਨੂੰ ਦੇਖਦੇ ਹੋਏ ਅਸੀਂ ਪੂਰਾ ਸਮਾਂ ਲਵਾਂਗੇ। ਅਸੀਂ ਯਕੀਨੀ ਬਣਾਵਾਂਗੇ ਕਿ ਮੈਚ ਨੂੰ ਲੈ ਕੇ ਫ਼ੈਸਲਾ ਕਰਨ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਜਿੰਨਾ ਵੱਧ ਸਮਾਂ ਸੰਭਵ ਹੋਵੇ ਉਹ ਦੇ ਸਕੀਏ। ਇੰਗਲੈਂਡ ਟੀਮ ਮੈਨੇਜਮੈਂਟ ਲਈ ਹਾਲਾਂਕਿ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵਾਂ ਵਿਭਾਗਾਂ ਵਿਚ ਚੋਣ ਸਿਰਦਰ ਹੋ ਸਕਦੀ ਹੈ। ਗੇਂਦਬਾਜ਼ੀ ਵਿਭਾਗ ਵਿਚ ਜੋਫਰਾ ਆਰਚਰ ਫਿੱਟ ਹਨ ਤੇ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜੇਮਜ਼ ਐਂਡਰਸਨ ਨਾਲ ਗੇਂਦਬਾਜ਼ੀ ਲਈ ਉਪਲੱਬਧ ਹਨ। ਐਂਡਰਸਨ 'ਤੇ ਕੰਮ ਦੇ ਭਾਰ ਨੂੰ ਘੱਟ ਕਰਦੇ ਹੋਏ ਉਨ੍ਹਾਂ ਨੂੰ ਦੂਜੇ ਟੈਸਟ ਵਿਚ ਨਹੀਂ ਖਿਡਾਇਆ ਗਿਆ ਸੀ। ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਵੀ ਟੀਮ ਵਿਚ ਥਾਂ ਬਣਾਉਣ ਦੇ ਦਾਅਵੇਦਾਰ ਹਨ। ਰੂਟ ਨੇ ਕਿਹਾ ਕਿ ਇਹ ਦੇਖ ਕੇ ਕਾਫੀ ਚੰਗਾ ਲਗਦਾ ਹੈ ਕਿ ਉਨ੍ਹਾਂ ਨੇ ਦੁਬਾਰਾ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਅਸੀਂ ਉਤਸ਼ਾਹਤ ਹਾਂ। ਉਹ ਵਿਸ਼ਵ ਪੱਧਰੀ ਖਿਡਾਰੀ ਹਨ ਤੇ ਉਨ੍ਹਾਂ ਕੋਲ ਸਾਰੀ ਤਰ੍ਹਾਂ ਦੀ ਯੋਗਤਾ ਹੈ। ਤੇਜ਼ ਗੇਂਦਬਾਜ਼ਾਂ ਵਿਚਾਲੇ ਚੋਣ ਕਰਨਾ ਕਾਫੀ ਚੰਗੀ ਸਥਿਤੀ ਹੈ। ਸੀਨੀਅਰ ਵਿਕਟਕੀਪਰ ਬੱਲੇਬਾਜ਼ ਜਾਨੀ ਬੇਰਸਟੋ ਦੀ ਵੀ ਟੀਮ ਵਿਚ ਵਾਪਸੀ ਹੋਈ ਹੈ ਤੇ ਦੇਖਣਾ ਪਵੇਗਾ ਕਿ ਮਹਿਮਾਨ ਟੀਮ ਲੈਅ ਵਿਚ ਚੱਲ ਰਹੇ ਵਿਕਟਕੀਪਰ ਬੇਨ ਫੋਕਸ ਨੂੰ ਬਾਹਰ ਕਰਦੀ ਹੈ ਜਾਂ ਦੋਵਾਂ ਨੂੰ ਖਿਡਾਉਂਦੀ ਹੈ। ਰੂਟ ਨੇ ਕਿਹਾ ਕਿ ਜਦ ਅਸੀਂ ਤਿਆਰ ਹੋਵਾਂਗੇ ਤਾਂ ਅਸੀਂ ਟੀਮ ਦੀ ਸੂਚਨਾ ਤੁਹਾਨੂੰ ਦੇਵਾਂਗੇ। ਅਸੀਂ ਸਿਰਫ਼ ਇੰਨਾ ਤੈਅ ਕਰਨਾ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਸਪੱਸ਼ਟ ਹੋਈਏ। ਮੈਨੂੰ ਲਗਦਾ ਹੈ ਕਿ ਪਿੱਚ ਬਾਰੇ ਅਸਲੀ ਜਾਣਕਾਰੀ ਸਵੇਰੇ ਪਹਿਲੀ ਗੇਂਦ ਤੋਂ ਪਹਿਲਾਂ ਮਿਲੇਗੀ।

ਅਸ਼ਵਿਨ ਨੂੰ ਕਿਹਾ ਵਿਸ਼ਵ ਪੱਧਰੀ ਗੇਂਦਬਾਜ਼ ਹਨ

ਰਵੀਚੰਦਰਨ ਅਸ਼ਵਿਨ ਨੇ ਪਹਿਲੇ ਦੋ ਟੈਸਟ ਵਿਚ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਕਾਫੀ ਪਰੇਸ਼ਾਨ ਕੀਤਾ ਤੇ ਉਨ੍ਹਾਂ ਦੀ ਯੋਗਤਾ ਤੋਂ ਚੰਗੀ ਤਰ੍ਹਾਂ ਵਾਕਫ਼ ਮਹਿਮਾਨ ਟੀਮ ਦੇ ਕਪਤਾਨ ਜੋ ਰੂਟ ਨੇ ਭਾਰਤੀ ਆਫ ਸਪਿੰਨਰ ਨੂੰ ਹਰ ਤਰ੍ਹਾਂ ਦੇ ਹਾਲਾਤ ਵਿਚ ਵਿਸ਼ਵ ਪੱਧਰੀ ਖਿਡਾਰੀ ਕਰਾਰ ਦਿੱਤਾ। ਰੂਟ ਨੇ ਕਿਹਾ ਕਿ ਹਾਂ ਉਹ ਵਿਸ਼ਵ ਪੱਧਰੀ ਖਿਡਾਰੀ ਹਨ। ਮੈਨੂੰ ਲਗਦਾ ਹੈ ਕਿ ਸਾਰਿਆਂ ਲਈ ਉਨ੍ਹਾਂ ਨੂੰ ਖੇਡਣਾ ਸੌਖਾ ਨਹੀਂ ਹੋਵੇਗਾ।

Posted By: Susheel Khanna