ਨਵੀਂ ਦਿੱਲੀ (ਆਈਏਐੱਨਐੱਸ) : ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੇ ਕਿਹਾ ਹੈ ਕਿ ਕਪਤਾਨ ਰੋਹਿਤ ਸ਼ਰਮਾ ਆਪਣੇ ਖਿਡਾਰੀਆਂ ਦੇ ਖ਼ਰਾਬ ਪ੍ਰਦਰਸ਼ਨ ਦੇ ਬਾਵਜੂਦ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਪਾਰਥਿਵ ਨੇ ਕਿਹਾ ਕਿ ਮੈਂ ਮੁੰਬਈ ਇੰਡੀਅਨਜ਼ ਵਿਚ ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਖੇਡਿਆ ਹਾਂ ਤੇ ਇਕ ਗੱਲ ਜੋ ਸਾਹਮਣੇ ਆਉਂਦੀ ਹੈ ਉਹ ਇਹ ਹੈ ਕਿ ਉਹ ਉਨ੍ਹਾਂ ਖਿਡਾਰੀਆਂ ਦਾ ਸਮਰਥਨ ਕਰਦੇ ਹਨ ਜੋ ਪ੍ਰਦਰਸ਼ਨ ਨਹੀਂ ਕਰ ਰਹੇ ਹਨ। ਉਹ ਜਨਤਕ ਤੌਰ ’ਤੇ ਅਤੇ ਪ੍ਰੈੱਸ ਕਾਨਫਰੰਸ ਵਿਚ ਵੀ ਉਨ੍ਹਾਂ ਬਾਰੇ ਸਪੱਸ਼ਟ ਹਨ ਜਿਵੇਂ ਕਿ ਅਸੀਂ ਆਵੇਸ਼ ਖ਼ਾਨ ਦੇ ਮਾਮਲੇ ਵਿਚ ਦੇਖਿਆ ਸੀ। ਰੋਹਿਤ ਨੇ ਚਾਰ ਨਾਕਾਮੀਆਂ ਤੋਂ ਬਾਅਦ ਵੀ ਉਨ੍ਹਾਂ ਦਾ ਸਮਰਥਨ ਕੀਤਾ।

ਰੋਹਿਤ ਮੈਦਾਨ ’ਤੇ ਸਿਰਫ਼ ਫ਼ੈਸਲੇ ਲੈਣ ਵਿਚ ਵਿਸ਼ਵਾਸ ਰੱਖਦੇ ਹਨ। ਜਦ ਮੁਸ਼ਕਲ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਸਥਿਤੀ ਮੁਤਾਬਕ ਫ਼ੈਸਲੇ ਲੈਂਦੇ ਹਨ ਤੇ ਇਹ ਮੁੱਖ ਕਾਰਨਾਂ ਵਿਚੋਂ ਇਕ ਹੈ ਕਿ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਦੇ ਨਾਲ ਪੰਜ ਆਈਪੀਐੱਲ ਟਰਾਫੀਆਂ ਜਿੱਤੀਆਂ ਹਨ। ਰੋਹਿਤ ਨੇ ਤ੍ਰਿਨੀਦਾਦ ਵਿਚ ਵੈਸਟਇੰਡੀਜ਼ ’ਤੇ 3-0 ਨਾਲ ਵਨ ਡੇ ਸੀਰੀਜ਼ ਜਿੱਤ ਵਿਚ ਭਾਰਤ ਦੀ ਕਪਤਾਨੀ ਨਹੀਂ ਕੀਤੀ ਸੀ। ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਸ਼ਿਖਰ ਧਵਨ ਨੇ ਅਗਵਾਈ ਕੀਤੀ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸ਼ਿਖਰ ਧਵਨ ਦੀ ਕਪਤਾਨੀ ਦੀ ਇਕ ਬਹੁਤ ਹੀ ਸ਼ਾਂਤ ਸ਼ੈਲੀ ਹੈ ਜਿੱਥੇ ਉਹ ਬਹੁਤ ਵੱਧ ਦਬਾਅ ਨਹੀਂ ਲੈਂਦੇ ਹਨ ਤੇ ਟੀਮ ਦੇ ਮਾਹੌਲ ਨੂੰ ਹਲਕਾ ਰੱਖਦੇ ਹਨ। ਉਹ ਆਪਣੇ ਖਿਡਾਰੀਆਂ ਦਾ ਸਮਰਥਨ ਕਰਦੇ ਹਨ ਪਰ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਉਹ ਉਨ੍ਹਾਂ ਨੂੰ ਆਪਣੀਆਂ ਯੋਜਨਾਵਾਂ ਨੂੰ ਅੰਜਾਮ ਦੇਣ ਲਈ ਥਾਂ ਵੀ ਦਿੰਦੇ ਹਨ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਜਦ ਮੁੱਖ ਖਿਡਾਰੀਆਂ ਨੂੰ ਆਰਾਮ ਦਿੱਤਾ ਜਾਂਦਾ ਹੈ ਤਾਂ ਟੀਮ ਦੀ ਕਪਤਾਨੀ ਕਰਨਾ ਮੁਸ਼ਕਲ ਹੁੰਦਾ ਹੈ।

Posted By: Gurinder Singh