ਨਵੀਂ ਦਿੱਲੀ (ਜੇਐੱਨਐੱਨ) : ਪਿਛਲੇ ਸਾਲ ਵਨ ਡੇ ਵਿਸ਼ਵ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਰੋਹਿਤ ਸ਼ਰਮਾ ਦੀ ਬੀਸੀਸੀਆਈ ਨੇ ਖੇਡ ਰਤਨ ਪੁਰਸਕਾਰ ਲਈ ਸਿਫ਼ਾਰਸ਼ ਕੀਤੀ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਸ਼ਨਿਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਹਿਤ ਦੇ ਸਲਾਮੀ ਜੋੜੀਦਾਰ ਸ਼ਿਖਰ ਧਵਨ ਦਾ ਨਾਂ ਇਕ ਵਾਰ ਮੁੜ ਅਰਜੁਨ ਪੁਰਸਕਾਰ ਲਈ ਭੇਜਿਆ ਗਿਆ ਹੈ। ਭਾਰਤੀ ਟੀਮ ਦੇ ਸਭ ਤੋਂ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਦੇ ਨਾਂ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਖੱਬੇ ਹੱਥ ਦੇ ਬੱਲੇਬਾਜ਼ ਧਵਨ 2018 ਵਿਚ ਅਰਜੁਨ ਪੁਰਸਕਾਰ ਤੋਂ ਖੁੰਝ ਗਏ ਸਨ। ਮਹਿਲਾ ਵਰਗ ਵਿਚ ਦੀਪਤੀ ਸ਼ਰਮਾ ਦਾ ਨਾਂ ਅਰਜੁਨ ਪੁਰਸਕਾਰ ਲਈ ਭੇਜਿਆ ਗਿਆ ਹੈ ਜੋ ਪਿਛਲੇ ਤਿੰਨ ਸਾਲ ਤੋਂ ਵਨ ਡੇ ਤੇ ਟੀ-20 ਦੋਵਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।