ਨਵੀਂ ਦਿੱਲੀ: ਵਿਸ਼ਵ ਕੱਪ 2019 ਲਈ 15 ਅਪ੍ਰੈਲ ਨੂੰ ਭਾਰਟੀ ਟੀਮ ਦੀ ਚੋਣ ਹੋਵੇਗੀ। ਇਸ ਤੋਂ ਪਹਿਲਾਂ ਟੀਮ ਇੰਡੀਆ ਦੇ ਫੈਨਸ ਲਈ ਇਕ ਬੁਰੀ ਖ਼ਬਰ ਹੈ। ਵਰਲਡ ਕੱਪ ਤੋਂ ਪਹਿਲਾਂ ਆਈਪੀਐੱਲ ਦੇ ਜਿੰਨ ਦੇ ਫੇਰ 'ਚ ਟੀਮ ਇੰਡੀਆ ਦੇ ਉਪ-ਕਪਤਾਨ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਫਸ ਗਏ ਹਨ। ਦਰਅਸਲ ਮੰਗਲਵਾਰ ਸਵੇਰੇ ਆਈਪੀਐੱਲ ਟੀਮ ਮੁੰਬਈ ਇੰਡੀਅਨਜ਼ ਲਈ ਪ੍ਰੈਕਟਿਸ ਸੈਸ਼ਨ 'ਚ ਸ਼ਾਮਲ ਹੋਏ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦੇ ਪੈਰ 'ਤੇ ਸੱਟ ਲੱਗ ਗਈ ਹੈ। ਸੱਟ ਲੱਗਣ ਤੋਂਂ ਬਾਅਦ ਰੋਹਿਤ ਸ਼ਰਮਾ ਪੈਰ ਨੂੰ ਫੜ ਕੇ ਦਰਦ ਨਾਲ ਜੂਝਦੇ ਹੋਏ ਮੈਦਾਨ ਤੋਂ ਬਾਹਰ ਚਲੇ ਗਏ।


ਮੀਡੀਆ ਰਿਪੋਰਟਸ ਮੁਤਾਬਿਕ ਰੋਹਿਤ ਸ਼ਰਮਾ ਮੰਗਲਵਾਰ ਦੀ ਸਵੇਰੇ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਤੋਂ ਪਹਿਲਾਂ ਪ੍ਰੈਕਟਿਸ ਸੈਸ਼ਨ ਲਈ ਮੈਦਾਨ 'ਤੇ ਆਏ ਸਨ। ਇਸੇ ਦੌਰਾਨ ਉਨ੍ਹਾਂ ਦੇ ਪੈਰ 'ਤੇ ਸੱਟ ਲੱਗ ਗਈ ਅਤੇ ਉਹ ਜ਼ਮੀਨ 'ਤੇ ਬੈਠ ਗਏ। ਮੁੰਬਈ ਇੰਡੀਅਨਜ਼ ਦੇ ਫਿਜ਼ੀਓ ਨਿਤਿਨ ਪਟੇਲ ਦੌੜ ਕੇ ਰੋਹਿਤ ਸ਼ਰਮਾ ਕੋਲ ਗਏ ਅਤੇ ਉਨ੍ਹਾਂ ਦੀ ਮਦਦ ਕੀਤੀ। ਸੱਟ ਲੱਗਣ ਤੋਂ ਬਾਅਦ ਰੋਹਿਤ ਸੱਜੇ ਪੈਰ ਨੂੰ ਫੜ ਕੇ ਬਾਹਰ ਜਾਂਦੇ ਦਿਸੇ। ਰੋਹਿਤ ਸ਼ਰਮਾ ਨੂੰ ਇਸ ਹਾਲਾਤ 'ਚ ਦੇਖ ਕੇ ਟੀਮ ਦੇ ਸਾਥੀ ਖਿਡਾਰੀ ਵੀ ਪਰੇਸ਼ਾਨ ਹੋ ਗਏ ਪਰ ਮੁੰਬਈ ਇੰਡੀਅਨਜ਼ ਨੇ ਇਕ ਟਵੀਟ ਕਰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਰੋਹਿਤ ਸ਼ਰਮਾ ਠੀਕ ਹਨ।

Posted By: Akash Deep