ਜੇਐੱਨਐੱਨ, ਨਵੀਂ ਦਿੱਲੀ : ਰੋਹਿਤ ਸ਼ਰਮਾ ਐਵੇਂ ਹੀ ਹਿੱਟਮੈਨ ਦੇ ਨਾਂ ਨਾਲ ਨਹੀਂ ਜਾਣੇ ਜਾਂਦੇ, ਵਨਡੇ ਕ੍ਰਿਕਟ 'ਚ ਕਈ ਬੇਮਿਸਾਲ ਰਿਕਾਰਡ ਦੇ ਮਾਲਕ ਰੋਹਿਤ ਸ਼ਰਮਾ ਨੇ ਕੋਲਕਾਤਾ 'ਚ ਸ੍ਰੀਲੰਕਾ ਖ਼ਿਲਾਫ਼ 13 ਨਵੰਬਰ 2014 ਨੂੰ ਜਿਹੜੀ ਪਾਰੀ ਖੇਡੀ ਸੀ, ਉਸ ਨਾਲ ਕ੍ਰਿਕਟ 'ਚ ਭੂਚਾਲ ਆ ਗਿਆ ਸੀ। ਉਹ ਅਜਿਹੀ ਪਾਰੀ ਸੀ ਜਿਸ ਨੂੰ ਸ਼ਾਇਦ ਹੀ ਕੋਈ ਭੁੱਲ ਸਕੇ। ਉਸ ਦਿਨ ਵਰਲਡ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਇਤਿਹਾਸਕ ਸਕੋਰ ਬਣਿਆ ਸੀ ਤੇ ਇਹ ਕਮਾਲ ਰੋਹਿਤ ਸ਼ਰਮਾ ਨੇ ਕੀਤਾ ਸੀ। ਰੋਹਿਤ ਨੇ ਉਸ ਮੈਚ 'ਚ 264 ਦੌੜਾਂ ਦੀ ਆਸਾਧਾਰਨ ਪਾਰੀ ਖੇਡੀ ਸੀ ਤੇ ਇਸ ਦੌਰਾਨ ਉਨ੍ਹਾਂ 33 ਚੌਕੇ ਤੇ 9 ਛੱਕੇ ਮਾਰੇ ਸੀ। ਉਨ੍ਹਾਂ ਦਾ ਸਟ੍ਰਾਈਕ ਰੇਟ 152.60 ਸੀ ਤੇ ਉਨ੍ਹਾਂ ਨੇ 173 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਇਹ ਪਾਰੀ ਖੇਡੀ ਸੀ।


ਰੋਹਿਤ ਨੇ ਆਪਣੀ ਇਸ ਪਾਰੀ ਦੌਰਾਨ ਵਨਡੇ ਦਾ ਸਭ ਤੋਂ ਵੱਡਾ ਨਿੱਜੀ ਸਕੋਰ ਤਾਂ ਬਣਾਇਆ ਹੀ, ਨਾਲ ਹੀ ਉਨ੍ਹਾਂ ਵਨਡੇ ਮੈਚ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਦਾ ਵਰਲਡ ਰਿਕਾਰਡ ਵੀ ਆਪਣੇ ਨਾਂ ਕੀਤਾ ਸੀ। ਇਸ ਤੋਂ ਪਹਿਲਾਂ ਕਿਸੇ ਵੀ ਹੋਰ ਖਿਡਾਰੀ ਨੇ ਏਨੇ ਚੌਕੇ ਨਹੀਂ ਮਾਰੇ। ਵਨਡੇ ਮੈਚ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਚੌਕੇ ਲਗਾਉਣ ਦੇ ਮਾਮਲੇ 'ਚ ਸਾਂਝੇ ਤੌਰ 'ਤੇ ਦੋ ਭਾਰਤੀ ਬੱਲੇਬਾਜ਼ ਦੂਸਰੇ ਨੰਬਰ 'ਤੇ ਹਨ। ਸਚਿਨ ਤੇਂਦੁਲਕਰ ਤੇ ਵਰਿੰਦਰ ਸਹਿਵਾਗ ਇਸ ਮਾਮਲੇ 'ਚ ਦੂਸਰੇ ਸਥਾਨ 'ਤੇ ਹਨ। ਦੋਵਾਂ ਨੇ ਵਨਡੇ ਮੈਚ ਦੀ ਇਕ ਪਾਰੀ 'ਚ 25-25 ਚੌਕੇ ਲਗਾਉਣ ਦਾ ਕਮਾਲ ਕੀਤਾ ਹੈ।

ਵਨਡੇ ਦੀ ਇਕ ਪਾਰੀ 'ਚ ਸਭ ਤੋਂ ਜ਼ਿਆਦਾ ਚੌਕੇ ਮਾਰਨ ਵਾਲੇ ਚੋਟੀ ਦੇ ਬੱਲੇਬਾਜ਼

ਰੋਹਿਤ ਸ਼ਰਮਾ : ਸ੍ਰੀਲੰਕਾ ਖ਼ਿਲਾਫ਼ 33

ਸਚਿਨ ਤੇਂਦੁਲਕਰ : ਸਾਊਥ ਅਫਰੀਕਾ ਖ਼ਿਲਾਫ਼ 25

ਵਰਿੰਦਰ ਸਹਿਵਾਗ : ਵੈਸਟਇੰਡੀਜ਼ ਖ਼ਿਲਾਫ਼ 25

ਡੇਵਿਡ ਵਾਰਨਰ : ਸਾਊਥ ਅਫਰੀਕਾ ਖ਼ਿਲਾਫ਼ 24

ਫਖਰ ਜ਼ਮਾਂ- ਜ਼ਿੰਮਾਬਵੇ ਖ਼ਿਲਾਫ਼ 24


ਵਨਡੇ ਕ੍ਰਿਕਟ 'ਚ ਸਭ ਤੋਂ ਜ਼ਿਆਦਾ ਚੌਕੇ ਮਾਰਨ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਸਚਿਨ ਤੇਂਦੁਲਕਰ ਹਨ। ਸਚਿਨ ਨੇ 463 ਮੈਚਾਂ 'ਚ 2016 ਚੌਕੇ ਜੜੇ ਸੀ ਜਦਕਿ ਦੂਸਰੇ ਸਥਾਨ 'ਤੇ ਮੌਜੂਦ ਜੈਸੂਰਿਆ ਨੇ 445 ਮੈਚਾਂ 'ਚ 1500 ਚੌਕੇ ਮਾਰੇ ਸੀ। ਤੀਜੇ ਸਥਾਨ 'ਤੇ ਕੁਮਾਰ ਸੰਗਾਕਾਰਾ ਜਿਸ ਨੇ 404 ਮੈਚਾਂ 'ਚ 1385 ਚੌਕੇ ਮਾਰੇ ਸੀ। ਰੋਹਿਤ ਸ਼ਰਮਾ ਨੇ ਹੁਣ ਤਕ 224 ਮੈਚਾਂ 'ਚ 817 ਚੌਕੇ ਜੜੇ ਹਨ।

Posted By: Sarabjeet Kaur