ਬੈਂਗਲੁਰੂ (ਪੀਟੀਆਈ) : ਆਸਟ੍ਰੇਲੀਆ ਦੌਰੇ ਲਈ ਭਾਰਤੀ ਟੈਸਟ ਟੀਮ ਵਿਚ ਸ਼ਾਮਲ ਰੋਹਿਤ ਸ਼ਰਮਾ ਨੇ ਵੀਰਵਾਰ ਨੂੰ ਇੱਥੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨਸੀਏ) ਵਿਚ ਆਪਣੀ ਫਿਟਨੈੱਸ ਟ੍ਰੇਨਿੰਗ ਸ਼ੁਰੂ ਕੀਤੀ। ਰੋਹਿਤ ਆਸਟ੍ਰੇਲਿਆਈ ਦੌਰੇ ਲਈ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦਾ ਹਿੱਸਾ ਨਹੀਂ ਹਨ ਤੇ ਚੋਣਕਾਰਾਂ ਨੇ ਮੁੰਬਈ ਇੰਡੀਅਨਜ਼ ਲਈ ਫਾਈਨਲ ਤੋਂ ਇਲਾਵਾ ਦੋ ਆਈਪੀਐੱਲ ਮੈਚਾਂ ਵਿਚ ਖੇਡਣ ਤੋਂ ਬਾਅਦ ਉਨ੍ਹਾਂ ਨੂੰ ਸੋਧੀ ਟੈਸਟ ਟੀਮ ਵਿਚ ਸ਼ਾਮਲ ਕੀਤਾ ਸੀ। ਰੋਹਿਤ ਨੇ ਹਾਲਾਂਕਿ ਕਿਹਾ ਕਿ ਉਹ ਬਿਲਕੁਲ ਠੀਕ ਹਨ ਪਰ ਬੀਸੀਸੀਆਈ ਨੂੰ ਲੱਗਾ ਕਿ ਉਨ੍ਹਾਂ ਦੀ ਆਈਪੀਐੱਲ ਦੌਰਾਨ ਲੱਗੀ ਹੈਮਸਟਿ੍ੰਗ ਸੱਟ ਨੂੰ ਠੀਕ ਹੋਣ 'ਚ ਸਮਾਂ ਲੱਗੇਗਾ ਜਿਸ ਨਾਲ ਉਨ੍ਹਾਂ ਦੀ ਫਿਟਨੈੱਸ ਨੂੰ ਲੈ ਕੇ ਬਹਿਸ ਸ਼ੁਰੂ ਹੋ ਗਈ। ਮੁੰਬਈ ਦੀ ਟੀਮ ਨੇ ਫਾਈਨਲ ਵਿਚ ਸ਼ਾਨਦਾਰ ਜਿੱਤ ਹਾਸਲ ਕੀਤੀ ਜਿਸ ਵਿਚ ਰੋਹਿਤ ਨੇ 68 ਦੌੜਾਂ ਦੀ ਤੇਜ਼ ਪਾਰੀ ਖੇਡੀ। ਰੋਹਿਤ ਦੀ ਫਿਟਨੈੱਸ ਕਾਫੀ ਅਹਿਮ ਬਣ ਗਈ ਹੈ ਕਿਉਂਕਿ ਰੈਗੂਲਰ ਕਪਤਾਨ ਵਿਰਾਟ ਕੋਹਲੀ ਆਸਟ੍ਰੇਲੀਆ ਵਿਚ ਪਹਿਲੇ ਟੈਸਟ ਤੋਂ ਬਾਅਦ ਉਪਲੱਬਧ ਨਹੀਂ ਹੋਣਗੇ। ਉਹ ਆਪਣੇ ਬੱਚੇ ਦੇ ਜਨਮ ਲਈ ਪਤਨੀ ਅਨੁਸ਼ਕਾ ਸ਼ਰਮਾ ਨਾਲ ਰਹਿਣ ਲਈ ਮੁੜ ਆਉਣਗੇ। ਬੁੱਧਵਾਰ ਨੂੰ ਸੀਨੀਅਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਮੁੱਖ ਚੋਣਕਾਰ ਸੁਨੀਲ ਜੋਸ਼ੀ ਤੇ ਐੱਨਸੀਏ ਮੁਖੀ ਰਾਹੁਲ ਦ੍ਰਾਵਿੜ ਦੀ ਦੇਖਰੇਖ ਵਿਚ ਗੇਂਦਬਾਜ਼ੀ ਕੀਤੀ। ਉਹ ਸੱਟ ਲੱਗਣ ਤੋਂ ਬਾਅਦ ਐੱਨਸੀਏ ਵਿਚ ਰਿਹੈਬਿਲੀਟੇਸ਼ਨ ਪ੍ਰਕਿਰਿਆ ਵਿਚ ਹਨ। ਇਸ਼ਾਂਤ ਤੇ ਰੋਹਿਤ ਇਕੱਠੇ ਹੀ ਆਸਟ੍ਰੇਲੀਆ ਰਵਾਨਾ ਹੋਣਗੇ ਤੇ ਟੀਮ ਨਾਲ ਜੁੜਨ ਤੋਂ ਪਹਿਲਾਂ 14 ਦਿਨ ਦੇ ਕੁਆਰੰਟਾਈਨ ਵਿਚ ਰਹਿਣਗੇ।