ਨਾਗਪੁਰ (ਪੀਟੀਆਈ) : ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼ਨਿਚਰਵਾਰ ਨੂੰ ਨਿੰਦਾ ਨਾਲ ਿਘਰੇ ਰਿਸ਼ਭ ਪੰਤ ਦਾ ਸਮਰਥਨ ਕਰਦੇ ਹੋਏ ਨਿੰਦਾ ਕਰਨ ਵਾਲਿਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਛੱਡ ਦਿਓ ਕਿਉਂਕਿ ਉਹ ਸਿਰਫ ਟੀਮ ਮੈਨੇਜਮੈਂਟ ਦੀ ਰਣਨੀਤੀ 'ਤੇ ਅਮਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਮੌਕਿਆਂ 'ਤੇ ਪੰਤ ਦੇ ਸ਼ਾਟ ਚੋਣ ਦੀ ਕਾਫੀ ਨਿੰਦਾ ਹੋਈ ਹੈ ਤੇ ਰਾਜਕੋਟ ਵਿਚ ਬੰਗਲਾਦੇਸ ਖ਼ਿਲਾਫ਼ ਦੂਜੇ ਟੀ-20 ਵਿਚ ਉਨ੍ਹਾਂ ਦੀ ਖ਼ਰਾਬ ਵਿਕਟਕੀਪਿੰਗ ਦੀ ਵੀ ਨਿੰਦਾ ਹੋਈ। ਰੋਹਿਤ ਨੇ ਕਿਹਾ ਕਿ ਹਰ ਦਿਨ ਹਰ ਮਿੰਟ ਪੰਤ ਬਾਰੇ ਕਾਫੀ ਗੱਲ ਚੱਲ ਰਹੀ ਹੈ। ਮੈਨੂੰ ਇਹੀ ਲਗਦਾ ਹੈ ਕਿ ਉਨ੍ਹਾਂ ਨੂੰ ਉਹੀ ਕਰਨ ਦੇਣਾ ਚਾਹੀਦਾ ਹੈ ਜੋ ਉਹ ਮੈਦਾਨ 'ਤੇ ਕਰਨਾ ਚਾਹੁੰਦੇ ਹਨ। ਮੈਂ ਹਰ ਕਿਸੇ ਨੂੰ ਬੇਨਤੀ ਕਰਾਂਗਾ ਕਿ ਕੁਝ ਸਮੇਂ ਲਈ ਪੰਤ ਤੋਂ ਨਜ਼ਰਾਂ ਹਟਾ ਲਓ। ਉਹ ਬੇਖੌਫ਼ ਕ੍ਰਿਕਟਰ ਹਨ ਤੇ ਅਸੀਂ (ਟੀਮ ਮੈਨੇਜਮੈਂਟ) ਉਨ੍ਹਾਂ ਨੂੰ ਉਹੀ ਆਜ਼ਾਦੀ ਦੇਣਾ ਚਾਹੁੰਦੇ ਹਾਂ ਤੇ ਜੇ ਤੁਸੀਂ ਕੁਝ ਸਮੇਂ ਲਈ ਆਪਣੀਆਂ ਨਜ਼ਰਾਂ ਉਨ੍ਹਾਂ ਤੋਂ ਦੂਰ ਰੱਖੋਗੇ ਤਾਂ ਇਸ ਨਾਲ ਉਹ ਬਿਹਤਰ ਪ੍ਰਦਰਸ਼ਨ ਕਰ ਸਕਣਗੇ। ਰੋਹਿਤ ਦਿੱਲੀ ਦੇ ਇਸ ਨੌਜਵਾਨ ਖਿਡਾਰੀ ਦੀ ਨਿੰਦਾ ਤੋਂ ਖ਼ੁਸ਼ ਨਹੀਂ ਹਨ। ਉਨ੍ਹਾਂ ਨੇ ਇਸ 'ਤੇ ਨਿਰਾਸ਼ਾ ਜ਼ਾਹਰ ਕਰਦੇ ਹੋਏ ਕਿਹਾ ਕਿ ਉਹ 22 ਸਾਲ ਦੇ ਨੌਜਵਾਨ ਹਨ ਜੋ ਅੰਤਰਰਾਸ਼ਟਰੀ ਕ੍ਰਿਕਟ ਵਿਚ ਖ਼ੁਦ ਦਾ ਮੁਕਾਮ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਚਹਿਲ ਨੇ ਖ਼ੁਦ ਨੂੰ ਕੀਤਾ ਸਾਬਤ : ਰੋਹਿਤ ਸ਼ਰਮਾ ਨੇ ਕਿਹਾ ਇਹ ਕਾਫੀ ਨਵੀਂ ਟੀਮ ਹੈ ਪਰ ਪਿਛਲੇ ਦੋ ਸਾਲਾਂ ਤੋਂ ਸੀਮਤ ਓਵਰਾਂ ਦੇ ਫਾਰਮੈਟ ਵਿਚ ਚਹਿਲ ਦਾ ਪ੍ਰਦਰਸ਼ਨ ਕਮਾਲ ਦਾ ਰਿਹਾ ਹੈ। ਉਨ੍ਹਾਂ ਨੇ ਵਨ ਡੇ 'ਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਹ ਟੀਮ ਦੇ ਅਹਿਮ ਮੈਂਬਰ ਹਨ ਤੇ ਉਨ੍ਹਾਂ ਨੇ ਖ਼ੁਦ ਨੂੰ ਸਾਬਤ ਕੀਤਾ ਹੈ।