ਨਾਂ : ਰੋਹਿਤ ਸ਼ਰਮਾ

ਉਮਰ : 32 ਸਾਲ (30 ਅਪ੍ਰਰੈਲ 1987)

ਜਨਮ ਸਥਾਨ : ਨਾਗਪੁਰ

ਭੂਮਿਕਾ : ਸਲਾਮੀ ਬੱਲੇਬਾਜ਼

ਸ਼ੈਲੀ : ਸੱਜੇ ਹੱਥ ਦਾ ਬੱਲੇਬਾਜ਼

ਮੌਜੂਦਾ ਵਨ ਡੇ ਰੈਂਕਿੰਗ : 02

ਵਨ ਡੇ ਕਰੀਅਰ ਰਿਕਾਰਡ

ਮੈਚ, ਪਾਰੀ, ਅਜੇਤੂ, ਦੌੜਾਂ, ਸਰਬੋਤਮ, ਅੌਸਤ, ਸਟ੍ਰਾਈਕ ਰੇਟ, 100/50

206, 200, 31, 8010, 264, 47.39, 87.95, 22/41

ਇੰਗਲੈਂਡ ਵਿਚ (ਵਨ ਡੇ)

15, 15, 03, 687, 137*, 57.25, 82.87, 2/5

ਵਿਸ਼ਵ ਕੱਪ 'ਚ (2015)

08, 08, 01, 330, 137, 47.14, 91.66, 1/2

ਆਈਸੀਸੀ ਟੂਰਨਾਮੈਂਟ ਵਿਚ (ਵਨ ਡੇ)

18, 18, 2, 811, 137, 50.68, 86.00, 2/6

ਸਾਲ 2019 'ਚ (ਵਨ ਡੇ)

13, 13, 00, 556, 133, 42,76, 79.31, 1/4

ਆਈਪੀਐੱਲ-12 (ਟੀ-20)

15, 15, 01, 405, 67, 28.92, 128.57, 0/2

ਵਨ ਡੇ 'ਚ ਮੌਜੂਦਾ ਦੌਰ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਹਨ ਭਾਰਤੀ ਉੱਪ ਕਪਤਾਨ

-ਆਫ ਸਟੰਪ ਤੋਂ ਬਾਹਰ ਦੀਆਂ ਗੇਂਦਾਂ ਨਾਲ ਛੇੜਛਾੜ ਕਰਨਾ ਹੈ ਕਮਜ਼ੋਰੀ

ਨਵੀਂ ਦਿੱਲੀ : ਰੋਹਿਤ ਸ਼ਰਮਾ ਦੀ ਕਪਤਾਨੀ ਵਿਚ ਮੁੰਬਈ ਇੰਡੀਅਨਜ਼ ਨੇ ਪਿਛਲੇ ਦਿਨੀਂ ਚੌਥੀ ਵਾਰ ਆਈਪੀਐੱਲ ਦਾ ਖ਼ਿਤਾਬ ਜਿੱਤਿਆ ਤੇ ਹੁਣ ਉਨ੍ਹਾਂ ਦੇ ਮੋਢਿਆਂ 'ਤੇ ਭਾਰਤੀ ਟੀਮ ਦੀ ਵਿਸ਼ਵ ਕੱਪ ਮੁਹਿੰਮ ਦਾ ਦਾਰੋਮਦਾਰ ਹੋਵੇਗਾ। ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਇੰਗਲੈਂਡ ਵਿਚ ਹੋਣ ਵਾਲੇ ਕ੍ਰਿਕਟ ਦੇ ਮਹਾਕੁੰਭ ਵਿਚ ਹੁਕਮ ਦਾ ਯੱਕਾ ਸਾਬਤ ਹੋ ਸਕਦੇ ਹਨ। ਰੋਹਿਤ ਨੂੰ ਵਨ ਡੇਅ ਕ੍ਰਿਕਟ ਵਿਚ ਅੱਜ ਦੇ ਗੇੜ ਦਾ ਸਭ ਤੋਂ ਖ਼ਤਰਨਾਕ ਬੱਲੇਬਾਜ਼ ਮੰਨਿਆ ਜਾਂਦਾ ਹੈ। ਸ਼ਿਖਰ ਧਵਨ ਨਾਲ ਮਿਲ ਕੇ ਰੋਹਿਤ ਬਿਹਤਰੀਨ ਸਲਾਮੀ ਜੋੜੀ ਬਣਾਉਂਦੇ ਹਨ। ਹਾਲਾਂਕਿ ਇੰਗਲੈਂਡ ਵਿਚ ਵੱਡੀ ਪਾਰੀ ਖੇਡਣਾ ਰੋਹਿਤ ਲਈ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੋਵੇਗਾ ਕਿਉਂਕਿ ਤੇਜ਼ ਗੇਂਦਬਾਜ਼ਾਂ ਦੇ ਮੁਤਾਬਕ ਪਿੱਚ 'ਤੇ ਰੋਹਿਤ ਅਕਸਰ ਆਸਾਨੀ ਨਾਲ ਵਿਕਟ ਗੁਆ ਬੈਠਦੇ ਹਨ। ਫਿਰ ਵੀ ਉਮੀਦ ਕਰਨੀ ਚਾਹੀਦੀ ਹੈ ਕਿ ਰੋਹਿਤ ਵਿਸ਼ਵ ਕੱਪ ਵਰਗੇ ਟੂਰਨਾਮੈਂਟ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀ ਵਿਕਟ ਤੋਹਫੇ ਵਿਚ ਨਹੀਂ ਦੇਣਗੇ।

ਕਮਜ਼ੋਰੀ 'ਤੇ ਕਰਨਾ ਪਵੇਗਾ ਕਾਬੂ :

ਰੋਹਿਤ ਦੇ ਨਿੱਜੀ ਕੋਚ ਦਿਨੇਸ਼ ਲਾਡ ਦਾ ਕਹਿਣਾ ਹੈ ਕਿ ਰੋਹਿਤ ਦੀ ਸਭ ਤੋਂ ਵੱਡੀ ਕਮਜ਼ੋਰੀ ਆਫ ਸਟੰਪ ਤੋਂ ਬਾਹਰ ਜਾਂਦੀਆਂ ਗੇਂਦਾਂ ਨਾਲ ਛੇੜਛਾੜ ਕਰਨਾ ਹੈ। ਉਨ੍ਹਾਂ ਨੂੰ ਵਿਸ਼ਵ ਕੱਪ ਵਿਚ ਆਪਣੀ ਇਸ ਕਮਜ਼ੋਰੀ 'ਤੇ ਕਾਬੂ ਕਰਨਾ ਪਵੇਗਾ। ਰੋਹਿਤ ਜੇ ਸ਼ੁਰੂਆਤੀ 10 ਓਵਰਾਂ ਵਿਚ ਖ਼ੁਦ 'ਤੇ ਕਾਬੂ ਰੱਖਣ ਤੇ ਆਫ ਸਟੰਪ ਤੋਂ ਬਾਹਰ ਜਾਂਦੀਆਂ ਗੇਂਦਾਂ ਨਾਲ ਛੇੜਛਾੜ ਨਾ ਕਰਨ ਤਾਂ ਉਨ੍ਹਾਂ ਨੂੰ ਆਊਟ ਕਰਨਾ ਸੌਖਾ ਨਹੀਂ ਹੋਵੇਗਾ। ਸ਼ੁਰੂਆਤ ਵਿਚ ਰੋਹਿਤ ਨੂੰ ਪੁਲ ਤੇ ਹੁਕ ਸ਼ਾਟ ਖੇਡਣ ਤੋਂ ਵੀ ਬਚਣਾ ਪਵੇਗਾ। ਲਾਡ ਕਹਿੰਦੇ ਹਨ ਕਿ ਅੱਜਕੱਲ੍ਹ ਕ੍ਰਿਕਟ ਬੱਲੇਬਾਜ਼ਾਂ ਦੀ ਖੇਡ ਹੋ ਗਿਆ ਹੈ। ਹਰ ਥਾਂ ਬੱਲੇਬਾਜ਼ੀ ਦੇ ਮੁਤਾਬਕ ਪਿੱਚ ਬਣ ਰਹੀ ਹੈ। ਇੰਗਲੈਂਡ ਵਿਚ ਵੀ ਅਜਿਹਾ ਹੀ ਹੈ। ਹਾਲਾਂਕਿ ਉਥੇ ਗੇਂਦ ਸਵਿੰਗ ਜ਼ਰੂਰ ਕਰੇਗੀ ਪਰ ਰੋਹਿਤ ਜੇ ਇਕ ਵਾਰ ਅਰਧ ਸੈਂਕੜਾ ਲਾ ਲੈਂਦੇ ਹਨ ਤਾਂ ਇਸ ਨਾਲ ਫ਼ਰਕ ਨਹੀਂ ਪਵੇਗਾ ਕਿ ਸਾਹਮਣੇ ਗੇਂਦਬਾਜ਼ ਕੌਣ ਹੈ ਤੇ ਗੇਂਦ ਕਿੰਨੀ ਸਵਿੰਗ ਹੋ ਰਹੀ ਹੈ। ਅਰਧ ਸੈਂਕੜਾ ਲਾਉਣ ਤੋਂ ਬਾਅਦ ਤਾਂ ਰੋਹਿਤ ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਬਣ ਜਾਂਦੇ ਹਨ। ਉਨ੍ਹਾਂ ਨੇ ਪਹਿਲਾਂ ਵੀ ਇੰਗਲੈਂਡ ਵਿਚ ਦੌੜਾਂ ਬਣਾਈਆਂ ਹਨ ਤੇ ਇਸ ਵਾਰ ਵੀ ਬਣਾਉਣਗੇ।

ਵਨ ਡੇਅ ਵਿਚ ਸਭ ਤੋਂ ਖ਼ਤਰਨਾਕ :

ਵਨ ਡੇਅ ਕ੍ਰਿਕਟ ਵਿਚ ਹੁਣ ਤਕ ਸਿਰਫ਼ ਅੱਠ ਦੋਹਰੇ ਸੈਂਕੜੇ ਲੱਗੇ ਹਨ ਜਿਨ੍ਹਾਂ ਵਿਚੋਂ ਤਿੰਨ ਰੋਹਿਤ ਦੇ ਨਾਂ ਹਨ। ਵਨ ਡੇਅ ਕ੍ਰਿਕਟ ਦਾ ਸਰਬੋਤਮ ਨਿੱਜੀ ਸਕੋਰ ਵੀ ਰੋਹਿਤ ਦੇ ਨਾਂ ਹੈ। ਰੋਹਿਤ ਨੂੰ ਵਨ ਡੇ ਤੇ ਟੀ-20 ਕ੍ਰਿਕਟ ਦਾ ਮਾਹਿਰ ਬੱਲੇਬਾਜ਼ ਮੰਨਿਆ ਜਾਂਦਾ ਹੈ। ਲਗਪਗ 12 ਸਾਲ ਦਾ ਅੰਤਰਰਾਸ਼ਟਰੀ ਤਜਰਬਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਸਿਰਫ਼ 27 ਟੈਸਟ ਮੈਚ ਖੇਡੇ ਜਿਸ ਵਿਚ ਉਨ੍ਹਾਂ ਦੇ ਨਾਂ ਤਿੰਨ ਸੈਂਕੜੇ ਦਰਜ ਹਨ। ਆਪਣਾ ਪਹਿਲਾ ਟੈਸਟ ਖੇਡਣ ਤੋਂ ਪਹਿਲਾਂ ਰੋਹਿਤ 108 ਵਨ ਡੇ ਮੈਚ ਖੇਡ ਚੁੱਕੇ ਸਨ। ਵਨ ਡੇਅ ਵਿਚ ਉਹ 206 ਮੈਚਾਂ ਵਿਚ 22 ਸੈਂਕੜੇ ਤੇ 94 ਟੀ-20 ਮੈਚਾਂ ਵਿਚ ਚਾਰ ਸੈਂਕੜੇ ਲਾ ਚੁੱਕੇ ਹਨ। ਰੋਹਿਤ ਤਿੰਨਾਂ ਫਾਰਮੈਟਾਂ ਵਿਚ ਸੈਂਕੜਾ ਲਾਉਣ ਵਾਲੇ ਚੋਣਵੇਂ ਖਿਡਾਰੀਆਂ ਵਿਚ ਸ਼ਾਮਲ ਹਨ।

ਬਾਅਦ ਵਿਚ ਬਣੇ ਓਪਨਰ :

ਸੱਜੇ ਹੱਥ ਦੇ ਬੱਲੇਬਾਜ਼ ਰੋਹਿਤ ਨੇ ਜੂਨ 2007 ਵਿਚ ਸਿਰਫ਼ 20 ਸਾਲ ਦੀ ਉਮਰ ਵਿਚ ਆਇਰਲੈਂਡ ਖ਼ਿਲਾਫ਼ ਬੇਲਫਾਸਟ ਵਿਚ ਵਨ ਡੇ ਵਿਚ ਸ਼ੁਰੂਆਤ ਕੀਤੀ। ਸਭ ਤੋਂ ਛੋਟੇ ਫਾਰਮੈਟ ਵਿਚ ਉਨ੍ਹਾਂ ਦਾ ਪਹਿਲਾ ਟੂਰਨਾਮੈਂਟ 2007 ਦਾ ਟੀ-20 ਵਿਸ਼ਵ ਕੱਪ ਸੀ ਜਿਸ ਨੂੰ ਭਾਰਤ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਜਿੱਤਿਆ ਸੀ। ਰੋਹਿਤ ਪਹਿਲਾਂ ਮੱਧ ਕ੍ਰਮ ਵਿਚ ਖੇਡਦੇ ਸਨ ਪਰ 2013 ਤੋਂ ਉਹ ਵਨ ਡੇ ਕ੍ਰਿਕਟ ਵਿਚ ਰੈਗੂਲਰ ਤੌਰ 'ਤੇ ਓਪਨਿੰਗ ਕਰ ਰਹੇ ਹਨ। ਉਨ੍ਹਾਂ ਨੇ ਵਨ ਡੇ ਕ੍ਰਿਕਟ ਵਿਚ 22 'ਚੋਂ 20 ਸੈਂਕੜੇ ਬਤੌਰ ਓਪਨਰ ਲਾਏ ਹਨ। ਇਨ੍ਹਾਂ ਵਿਚੋਂ ਵੀ ਨੌਂ ਸੈਂਕੜੇ ਉਨ੍ਹਾਂ ਦੇ ਅਜਿਹੇ ਰਹੇ ਜਿਨ੍ਹਾਂ ਵਿਚ ਅਜੇਤੂ ਪਵੇਲੀਅਨ ਮੁੜੇ। ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਉਹ 56 ਤੋਂ ਜ਼ਿਆਦਾ ਦੀ ਸਤ ਨਾਲ 6000 ਤੋਂ ਜ਼ਿਆਦਾ ਦੌੜਾਂ ਬਣਾ ਚੁੱਕੇ ਹਨ।

ਸਭ ਤੋਂ ਖ਼ਤਰਨਾਕ ਬੱਲੇਬਾਜ਼ :

ਰੋਹਿਤ 2007 ਤੋਂ ਭਾਰਤੀ ਟੀਮ ਦਾ ਹਿੱਸਾ ਹਨ ਪਰ ਉਨ੍ਹਾਂ ਨੂੰ 2011 ਵਿਸ਼ਵ ਕੱਪ ਲਈ ਟੀਮ ਇੰਡੀਆ ਵਿਚ ਸ਼ਾਮਲ ਨਹੀਂ ਕੀਤਾ ਗਿਆ ਸੀ। ਆਸਟ੍ਰੇਲੀਆ ਵਿਚ ਹੋਏ 2015 ਵਿਸ਼ਵ ਕੱਪ ਵਿਚ ਉਨ੍ਹਾਂ ਨੇ 330 ਦੌੜਾਂ ਬਣਾਈਆਂ ਸਨ ਤੇ ਉਹ ਧਵਨ ਤੋਂ ਬਾਅਦ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਸਨ। ਰੋਹਿਤ ਬਾਰੇ ਇਕ ਵਾਰ ਸੁਨੀਲ ਗਾਵਸਕਰ ਨੇ ਕਿਹਾ ਸੀ ਕਿ ਉਹ ਵਿਵ ਰਿਚਰਡਜ਼ ਤੇ ਵਰਿੰਦਰ ਸਹਿਵਾਗ ਤੋਂ ਬਾਅਦ ਦੁਨੀਆ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ਼ ਹਨ। ਹਾਲਾਂਕਿ ਰੋਹਿਤ 2023 ਦਾ ਵਿਸ਼ਵ ਕੱਪ ਵੀ ਖੇਡ ਸਕਦੇ ਹਨ ਪਰ ਉਹ ਅਜੇ ਦੂਰ ਦੀ ਗੱਲ ਹੋਵੇਗੀ ਇਸ ਲਈ ਉਮੀਦ ਕਰਨੀ ਚਾਹੀਦੀ ਹੈ ਕਿ ਰੋਹਿਤ ਇਸ ਵਿਸ਼ਵ ਕੱਪ ਵਿਚ ਆਪਣਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਭਾਰਤ ਦੀ ਝੋਲੀ ਵਿਚ ਇਕ ਹੋਰ ਖ਼ਿਤਾਬ ਪਾਉਣਾ ਚਾਹੁਣਗੇ।