ਨਵੀਂ ਦਿੱਲੀ, ਪੀਟੀਆਈ : ਭਾਰਤ ਦੇ ਸੀਮਤ ਓਵਰਾਂ ਦੇ ਕਪਤਾਨ ਰੋਹਿਤ ਸ਼ਰਮਾ ਫਿਟ ਹਨ ਅਤੇ ਅਹਿਮਦਾਬਾਦ ਵਿਚ ਵੈਸਟਇੰਡੀਜ਼ ਖਿਲਾਫ ਸ਼ੁਰੂ ਹੋ ਰਹੀ ਸੀਮਤ ਓਵਰਾਂ ਦੀ ਸੀਰੀਜ਼ ਵਿਚ ਟੀਮ ਦੀ ਅਗਵਾਈ ਕਰਨ ਲਈ ਤਿਆਰ ਹਨ।

ਦੋਵਾਂ ਦੇਸ਼ਾਂ ਵਿਚਾਲੇ 6 ਫਰਵਰੀ ਤੋਂ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਹੋਵੇਗੀ ਅਤੇ ਫਿਰ ਤਿੰਨ ਮੈਚਾਂ ਦੀ ਹੀ ਟੀ-20 ਸੀਰੀਜ਼ ਵੀ ਖੇਡੀ ਜਾਵੇਗੀ।

ਹਾਲਾਂਕਿ ਇਸ ਹਫਤੇ ਹੋਣ ਵਾਲੀ ਚੋਣ ਕਮੇਟੀ ਦੀ ਬੈਠਕ ਰੋਚਕ ਹੋਵੇਗੀ ਕਿਉਂਕਿ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ਼ ਵਿਚ ਕਲੀਨ ਸਵੀਪ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਅਤੇ ਰਵਿਚੰਦਰਨ ਅਸ਼ਵਿਨ ਵਰਗੇ ਕੁਝ ਸੀਨੀਅਰ ਖਿਡਾਰੀਆਂ ਦੀ ਜਗ੍ਹਾ ਖ਼ਤਰੇ ’ਚ ਹੋ ਸਕਦੀ ਹੈ। ਖੱਬੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਤੋਂ ਬਾਅਦ ਦੱਖਣੀ ਅਫਰੀਕਾ ਦੌਰੇ ਤੋਂ ਬਾਹਰ ਹੋਏ ਰੋਹਿਤ ਟੀਮ ਦੀ ਅਗਵਾਈ ਕਰਨ ਲਈ ਤਿਆਰ ਹਨ। ਵੈਸਟਇੰਡੀਜ਼ ਦੇ ਖ਼ਿਲਾਫ ਤਿੰਨ ਟੀ-20 ਮੁਕਾਬਲੇ ਕੋਲਕਾਤਾ ਵਿਚ 16 ਤੋਂ 20 ਫਰਵਰੀ ਵਿਚਾਲੇ ਖੇਡੇ ਜਾਣਗੇ।

ਬੀਸੀਸੀਆਈ ਦੇ ਇਕ ਸੂਤਰ ਨੇ ਕਿਹਾ ਕਿ ਰੋਹਿਤ ਵੈਸਟਇੰਡੀਜ਼ ਦੇ ਖਿਲਾਫ ਸੀਰੀਜ਼ ਲਈ ਫਿਟ ਅਤੇ ਉਪਲਬਧ ਹਨ। ਵੈਸਟਇੰਡੀਜ਼ ਦੇ ਖ਼ਿਲਾਫ਼ ਸੀਰੀਜ਼ ਸ਼ੁਰੂ ਹੋਣ ਤਕ ਰੋਹਿਤ ਦੇ ਰਿਹੈਬਿਲਿਟੇਸ਼ਨ ਨੂੰ ਸੱਤ ਹਫਤੇ ਤੋਂ ਜ਼ਿਆਦਾ ਦਾ ਸਮਾਂ ਹੋ ਜਾਵੇਗਾ। ਉਹ ਮੁੰਬਈ ਵਿਚ ਪਹਿਲਾਂ ਹੀ ਟ੍ਰੇਨਿੰਗ ਸ਼ੁਰੂ ਕਰ ਚੁੱਕੇ ਹਨ ਅਤੇ ਫਿਟਨੈੱਸ ਪ੍ਰੀਖਿਆ ਲਈ ਉਨ੍ਹਾਂ ਦੇ ਬੇਂਗਲੁਰੂ ਜਾਣ ਅਤੇ ਰਾਸ਼ਟਰੀ ਕਿ੍ਰਕਟ ਅਕਾਦਮੀ ਤੋਂ ਰਸਮੀ ਮਨਜ਼ੂਰੀ ਲੈਣ ਦੀ ਉਮੀਦ ਹੈ।

ਇਹ ਲਗਪਗ ਤੈਅ ਹੈ ਕਿ ਫਿਲਹਾਲ ਰੋਹਿਤ ਨੂੰ ਹੀ ਟੈਸਟ ਕਪਤਾਨ ਬਣਾਇਆ ਜਾਵੇਗਾ। ਬੀਸੀਸੀਆਈ ਹਾਲਾਂਕਿ 2022 ਅਤੇ 2023 ਵਿਚ ਲਗਾਤਾਰ ਦੋ ਵਿਸ਼ਵ ਕੱਪ ਵਿਚ ਟੀਮ ਦੀ ਅਗਵਾਈ ਕਰਨ ਦੀ ਜ਼ਿੰਮੇਦਾਰੀ ਅਤੇ ਕੰਮ ਦੇ ਬੋਝ ਨੂੰ ਲੈ ਕੇ ਹੋਰ ਬਦਲਾਅ ’ਤੇ ਵੀ ਵਿਚਾਰ ਕਰ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਲੋਕੇਸ਼ ਰਾਹੁਲ ਦੀ ਕਪਤਾਨ ਦੇ ਰੂਪ ਵਿਚ ਪਹਿਲੀ ਸੀਰੀਜ਼ ਉਮੀਦ ਦੇ ਮੁਤਾਬਕ ਚੰਗੀ ਨਹੀਂ ਰਹੀ ਅਤੇ ਫਿਲਹਾਲ ਉਸ ਨੂੰ ਰੋਹਿਤ ਦੇ ਮਾਰਗਦਰਸ਼ਨ ਵਿਚ ਹੀ ਰਹਿਣਾ ਹੋਵੇਗਾ ਜਦੋਂ ਤਕ ਕਿ ਉਸ ਨੂੰ ਭਵਿੱਖ ਵਿਚ ਟੀਮ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਮੰਨਿਆ ਜਾਵੇ।

ਰਾਹੁਲ ਦੀ ਅਗਵਾਈ ਵਿਚ ਭਾਰਤ ਨੇ ਦੱਖਣੀ ਅਫਰੀਕਾ ਵਿਚ ਚਾਰੋਂ ਅੰਤਰਰਾਸ਼ਟਰੀ ਮੁਕਾਬਲੇ ਗੁਆਏ ਅਤੇ ਭਾਰਤੀ ਕਿ੍ਰਕਟ ਵਿਚ ਫੈਸਲੇ ਕਰਨ ਵਾਲੇ ਲੋਕਾਂ ਦਾ ਮੰਨਣਾ ਹੈ ਕਿ ਉਹ ਕਪਤਾਨ ਦੇ ਰੂਪ ਵਿਚ ਅੱਗੇ ਵਧ ਕੇ ਅਗਵਾਈ ਨਹੀਂ ਕਰ ਸਕੇ। ਮੰਨਿਆ ਜਾ ਰਿਹਾ ਹੈ ਕਿ ਆਈਪੀਐੱਲ ਦੇ ਅਗਲੇ ਸੀਜ਼ਨ ਵਿਚ ਲਖਨਊ ਸੁਪਰ ਜੁਆਇੰਟਸ ਦੇ ਕਪਤਾਨ ਦੇ ਰੂਪ ਵਿਚ ਰਾਹੁਲ ਦੇ ਪ੍ਰਦਰਸ਼ਨ ’ਤੇ ਸਾਰੇ ਦੀਆਂ ਨਜ਼ਰਾਂ ਰਹਿਣਗੀਆਂ।

ਹਾਰਦਿਕ ਪਾਂਡਿਆ ਨੇ ਨੈੱਟ ’ਤੇ ਗੇਂਦਬਾਜ਼ੀ ਸ਼ੁਰੂ ਕਰ ਦਿੱਤੀ ਹੈ। ਉਹ ਪੂਰੀ ਸਮਰੱਥਾ ਦੇ ਨਾਲ ਗੇਂਦਬਾਜ਼ੀ ਕਰ ਪਾਉਣਗੇ ਜਾਂ ਨਹੀਂ ਇਹ ਅਜੇ ਸਪੱਸ਼ਟ ਨਹੀਂ ਹੈ ਲੇਕਿਨ ਛੇਵੇਂ ਨੰਬਰ ’ਤੇ ਵੇਂਕਟੇਸ਼ ਅਈਅਰ ਦੀ ਅਨੁਭਵਹੀਣਤਾ ਅਤੇ ਮੁੱਖ ਕੋਚ ਰਾਹੁਲ ਦ੍ਰਾਵਿੜ ਦੇ ਇਹ ਸਵੀਕਾਰ ਕਰਨ ਨਾਲ ਕਿ ਹਾਰਦਿਕ ਦੀ ਕਮੀ ਮਹਿਸੂਸ ਹੋਈ, ਬੜੌਦਾ ਦੇ ਇਸ ਖਿਡਾਰੀ ਦੀ ਵੈਸਟਇੰਡੀਜ਼ ਦੇ ਖਿਲਾਫ ਵਾਪਸੀ ਦਾ ਰਸਤਾ ਸਾਫ਼ ਹੋ ਸਕਦਾ ਹੈ।

ਸੂਤਰ ਨੇ ਕਿਹਾ ਕਿ ਤੁਹਾਨੂੰ ਯਾਦ ਰੱਖਣਾ ਹੋਵੇਗਾ ਕਿ ਟੀ-20 ਵਿਸ਼ਵ ਕੱਪ ਤੋਂ ਬਾਅਦ ਹਾਰਦਿਕ ਨੂੰ ਟੀ-20 ਟੀਮ ’ਚੋਂ ਬਾਹਰ ਕੀਤਾ ਗਿਆ ਸੀ ਅਤੇ ਉਸਨੂੰ ਫਿਟਨੈੱਸ ਦੇ ਕਾਰਨ ਆਰਾਮ ਨਹੀਂ ਦਿੱਤਾ ਗਿਆ ਸੀ। ਚੋਣਕਰਤਾ ਟੀ-20 ਵਿਸ਼ਵ ਕੱਪ ਵਿਚ ਉਨ੍ਹਾਂ ਦੇ ਮਾੜੇ ਪ੍ਰਦਰਸ਼ਨ ਦੇ ਬਾਅਦ ਉਨ੍ਹਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਸਨ ਲੇਕਿਨ ਉਹ ਚੰਗਾ ਖਿਡਾਰੀ ਹੈ ਅਤੇ ਉਸਨੂੰ ਲੰਬੇ ਸਮੇਂ ਤਕ ਬਾਹਰ ਨਹੀਂ ਰੱਖਿਆ ਜਾ ਸਕਦਾ। ਜੇਕਰ ਵੈਸਟਇੰਡੀਜ਼ ਦੇ ਖਿਲਾਫ ਨਹੀਂ ਤਾਂ ਉਹ ਸ਼੍ਰੀਲੰਕਾ ਦੇ ਖਿਲਾਫ ਨਿਸ਼ਚਿਤ ਤੌਰ ’ਤੇ ਵਾਪਸੀ ਕਰੇਗਾ।

ਰਵੀਂਦਰ ਜਡੇਜਾ ਵੀ ਪੂਰਨ ਫਿਟਨੈੱਸ ਹਾਸਲ ਕਰਨ ਦੇ ਕਰੀਬ ਵਿਖ ਰਹੇ ਹਨ ਅਤੇ ਉਸ ਦੇ ਵੈਸਟਇੰਡੀਜ਼ ਜਾਂ ਫਿਰ ਸ਼੍ਰੀਲੰਕਾ ਦੇ ਖਿਲਾਫ ਵਾਪਸੀ ਕਰਨ ਦੀ ਉਮੀਦ ਹੈ। ਭਾਰਤੀ ਟੀਮ ਲਈ ਜਸਪ੍ਰੀਤ ਬੁਮਰਾਹ ਦੇ ਕੰਮ ਦੇ ਬੋਝ ਦਾ ਪ੍ਰਬੰਧਨ ਮਹੱਤਵਪੂਰਨ ਹੈ ਅਤੇ ਸੰਭਾਵਨਾ ਹੈ ਕਿ ਉਸ ਨੂੰ ਸਾਰੇ ਛੇ ਮੈਚਾਂ ’ਚ ਆਰਾਮ ਦਿੱਤਾ ਜਾ ਸਕਦਾ ਹੈ। ਬੁਮਰਾਹ ਦੱਖਣੀ ਅਫਰੀਕਾ ਵਿਚ ਸਾਰੇ ਛੇ ਮੁਕਾਬਲੇ ਖੇਡੇ ਸਨ ਜਿਨ੍ਹਾਂ ’ਚ ਤਿੰਨ ਟੈਸਟ ਅਤੇ 50 ਓਵਰ ਦੇ ਤਿੰਨ ਮੈਚ ਸ਼ਾਮਲ ਸਨ। ਉਸ ਨੇ ਇਸ ਦੌਰਾਨ ਸਬਤੋਂ ਜ਼ਿਆਦਾ ਓਵਰ (ਟੈਸਟ ਵਿਚ 104.5 ਅਤੇ ਵਨਡੇ ਵਿਚ 30) ਵੀ ਕੀਤੇ।

ਖ਼ਰਾਬ ਫ਼ਾਰਮ ਨਾਲ ਜੂਝ ਰਹੇ ਭੁਵਨੇਸ਼ਵਰ ਕੁਮਾਰ ਨੂੰ ਬਾਹਰ ਕੀਤਾ ਜਾ ਸਕਦਾ ਹੈ ਜਦੋਂ ਕਿ ਅਸ਼ਵਿਨ ਨੂੰ ਇਕ ਹੋਰ ਸੀਰੀਜ਼ ਵਿਚ ਮੌਕਾ ਦਿੱਤਾ ਜਾ ਸਕਦਾ ਹੈ ਕਿਉਂਕਿ ਦੱਖਣੀ ਅਫਰੀਕਾ ਦੇ ਖਿਲਾਫ ਸੀਮਿਤ ਓਵਰਾਂ ਦੀ ਸੀਰੀਜ਼ ਵਿਚ ਉਨ੍ਹਾਂ ਦੀ ਵਾਪਸੀ ਸੀਰੀਜ਼ ਸੀ। ਆਵੇਸ਼ ਖਾਨ ਅਤੇ ਹਰਸ਼ਲ ਪਟੇਲ ਵਰਗੇ ਤੇਜ਼ ਗੇਂਦਬਾਜ਼ਾਂ ਨੂੰ ਇਕ ਵਾਰ ਫਿਰ ਟੀ-20 ਟੀਮ ਵਿਚ ਜਗ੍ਹਾ ਮਿਲ ਸਕਦੀ ਹੈ।

Posted By: Sunil Thapa