ਨਵੀਂ ਦਿੱਲੀ : ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਆਸਟ੍ਰੇਲੀਆ ਦੌਰੇ 'ਤੇ ਸੀਮਤ ਓਵਰਾਂ ਦੀ ਟੀਮ ਵਿਚ ਨਹੀਂ ਹਨ। ਯਕੀਨੀ ਤੌਰ 'ਤੇ ਇਹ ਭਾਰਤ ਲਈ ਵੱਡਾ ਨੁਕਸਾਨ ਹੈ ਤੇ ਆਸਟ੍ਰੇਲੀਆ ਦੇ ਹਰਫ਼ਨਮੌਲਾ ਗਲੇਨ ਮੈਕਸਵੈਲ ਵੀ ਇਸ ਗੱਲ ਨੂੰ ਮੰਨਦੇ ਹਨ ਪਰ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਕੋਲ ਰੋਹਿਤ ਦੇ ਬਦਲ ਹਨ ਤੇ ਇਸ ਵਿਚ ਲੋਕੇਸ਼ ਰਾਹੁਲ ਇਕ ਵੱਡਾ ਨਾਂ ਹੈ। ਰੋਹਿਤ ਨੂੰ ਮਾਸਪੇਸ਼ੀਆਂ 'ਚ ਸੱਟ ਕਾਰਨ ਚੋਣਕਾਰਾਂ ਨੇ ਆਸਟ੍ਰੇਲੀਆ ਦੌਰੇ 'ਤੇ ਨਹੀਂ ਚੁਣਿਆ ਸੀ। ਬਾਅਦ ਵਿਚ ਹਾਲਾਂਕਿ ਉਨ੍ਹਾਂ ਨੂੰ ਟੈਸਟ ਟੀਮ ਵਿਚ ਥਾਂ ਮਿਲੀ ਪਰ ਸੀਮਤ ਓਵਰਾਂ ਦੀ ਸੀਰੀਜ਼ ਵਿਚ ਉਹ ਨਹੀਂ ਹਨ। ਮੈਕਸਵੈਲ ਨੇ ਰੋਹਿਤ ਬਾਰੇ ਕਿਹਾ ਕਿ ਉਹ ਸ਼ਾਨਦਾਰ ਬੱਲੇਬਾਜ਼ ਹਨ। ਸਲਾਮੀ ਬੱਲੇਬਾਜ਼ ਵਜੋਂ ਉਨ੍ਹਾਂ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੇ ਨਾਂ ਕੁਝ ਦੋਹਰੇ ਸੈਂਕੜੇ ਵੀ ਹਨ। ਉਨ੍ਹਾਂ ਦਾ ਟੀਮ ਵਿਚ ਨਾ ਹੋਣਾ ਵਿਰੋਧੀ ਟੀਮ ਲਈ ਚੰਗੀ ਗੱਲ ਹੈ ਪਰ ਭਾਰਤ ਕੋਲ ਬੈਕਅਪ ਹੈ ਜੋ ਉਨ੍ਹਾਂ ਦੀ ਘਾਟ ਪੂਰੀ ਕਰ ਸਕਦਾ ਹੈ। ਲੋਕੇਸ਼ ਰਾਹੁਲ ਉਨ੍ਹਾਂ ਵਿਚੋਂ ਇਕ ਹਨ।