ਦੁਬਈ (ਪੀਟੀਆਈ) : ਪਿਛਲੇ ਮਹੀਨੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਦੇ ਬੱਲੇਬਾਜ਼ ਰਿਤੂਰਾਜ ਗਾਇਕਵਾੜ ਹੁਣ ਵੀ ਕੁਆਰੰਟਾਈਨ 'ਚ ਹਨ ਤੇ ਆਬੂਧਾਬੀ ਵਿਚ 19 ਸਤੰਬਰ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਟੀਮ ਦੇ ਪਹਿਲੇ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਮੁਕਾਬਲੇ ਲਈ ਉਨ੍ਹਾਂ ਦੇ ਉਪਲੱਬਧ ਰਹਿਣ ਦੀ ਸੰਭਾਵਨਾ ਨਹੀਂ ਹੈ।

ਸੀਐੱਸਕੇ ਦੇ ਸੀਈਓ ਕਾਸੀ ਵਿਸ਼ਵਨਾਥ ਨੇ ਕਿਹਾ ਹੈ ਕਿ ਰਿਤੂਰਾਜ ਬਿਲਕੁਲ ਠੀਕ ਹਨ ਪਰ ਉਨ੍ਹਾਂ ਨੂੰ ਹੁਣ ਤਕ ਟੀਮ ਦੇ ਬਾਇਓ-ਬਬਲ (ਖਿਡਾਰੀਆਂ ਦੇ ਖੇਡਣ ਲਈ ਬਣਾਏ ਗਏ ਨਿਯਮਾਂ ਤਹਿਤ ਸੁਰੱਖਿਅਤ ਮਾਹੌਲ) ਨਾਲ ਜੁੜਨ ਲਈ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਮਨਜ਼ੂਰੀ ਨਹੀਂ ਮਿਲੀ ਹੈ।

ਵਿਸ਼ਵਨਾਥਨ ਨੇ ਕਿਹਾ ਕਿ ਰਿਤੂਰਾਜ ਨੂੰ ਹੁਣ ਤਕ ਬੀਸੀਸੀਆਈ ਦੀ ਮੈਡੀਕਲ ਟੀਮ ਨੇ ਮਨਜ਼ੂਰੀ ਨਹੀਂ ਦਿੱਤੀ ਹੈ ਤੇ ਉਹ ਹੁਣ ਵੀ ਕੁਆਰੰਟਾਈਨ ਵਿਚ ਹਨ। ਪਹਿਲੇ ਮੈਚ ਲਈ ਉਨ੍ਹਾਂ ਦੇ ਉਪਲੱਬਧ ਰਹਿਣ ਦੀ ਸੰਭਾਵਨਾ ਨਹੀਂ ਹੈ। ਸਾਨੂੰ ਅਗਲੇ ਕੁਝ ਦਿਨ੍ਹਾਂ ਵਿਚ ਉਨ੍ਹਾਂ ਦੇ ਬਾਇਓ-ਬਬਲ ਵਿਚ ਮੁੜਨ ਦੀ ਉਮੀਦ ਹੈ ਤੇ ਉਹ ਬਿਲਕੁਲ ਠੀਕ ਹਨ।

ਸੀਐੱਸਕੇ ਦੀ ਟੀਮ ਦੇ 13 ਮੈਂਬਰ ਪਿਛਲੇ ਮਹੀਨੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ ਤੇ ਇਨ੍ਹਾਂ ਵਿਚ ਦੋ ਖਿਡਾਰੀ ਰਿਤੂਰਾਜ ਤੇ ਦੀਪਕ ਚਾਹਰ ਵੀ ਸ਼ਾਮਲ ਸਨ। ਚਾਹਰ ਤੇ 11 ਹੋਰ ਲੋਕ ਬਿਮਾਰੀ ਤੋਂ ਠੀਕ ਹੋ ਚੁੱਕੇ ਹਨ। ਚਾਹਰ ਨੇ ਦੋ ਜ਼ਰੂਰੀ ਨੈਗੇਟਿਵ ਨਤੀਜਿਆਂ ਤੋਂ ਬਾਅਦ ਟ੍ਰੇਨਿੰਗ ਸ਼ੁਰੂ ਕਰ ਦਿੱਤੀ ਹੈ। ਰਿਤੂਰਾਜ ਦੇ ਵੀ ਐਤਵਾਰ ਤੇ ਸੋਮਵਾਰ ਨੂੰ ਦੋ ਟੈਸਟ ਹੋਏ। ਇਨ੍ਹਾਂ ਦੇ ਨਤੀਜਿਆਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ।

ਟੀਮ ਨੇ ਬਦਲ ਬਾਰੇ ਨਹੀਂ ਕੀਤਾ ਫ਼ੈਸਲਾ

ਰਿਤੂਰਾਜ ਟੀਮ ਵਿਚ ਸੁਰੇਸ਼ ਰੈਨਾ ਦੇ ਬਦਲ ਸਨ ਜੋ ਨਿੱਜੀ ਕਾਰਨਾਂ ਨਾਲ ਟੂਰਨਾਮੈਂਟ 'ਚੋਂ ਲਾਂਭੇ ਹੋ ਗਏ ਸਨ ਤੇ ਵਾਪਿਸ ਦੇਸ਼ ਮੁੜ ਗਏ ਸਨ। ਸੀਨੀਅਰ ਸਪਿੰਨਰ ਹਰਭਜਨ ਸਿੰਘ ਵੀ ਨਿੱਜੀ ਕਾਰਨਾਂ ਨਾਲ ਟੂਰਨਾਮੈਂਟ ਵਿਚ ਨਹੀਂ ਖੇਡ ਰਹੇ ਹਨ। ਵਿਸ਼ਵਨਾਥਨ ਨੇ ਕਿਹਾ ਕਿ ਟੀਮ ਨੇ ਹੁਣ ਤਕ ਆਪਣੇ ਬਦਲਾਂ ਬਾਰੇ ਫ਼ੈਸਲਾ ਨਹੀਂ ਕੀਤਾ ਹੈ।