ਨਵੀਂ ਦਿੱਲੀ (ਪੀਟੀਆਈ) : ਦਿੱਲੀ ਕੈਪੀਟਲਜ਼ ਦੇ ਮੁੱਖ ਕੋਚ ਰਿੱਕੀ ਪੋਂਟਿੰਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜ਼ਖ਼ਮੀ ਰਿਸ਼ਭ ਪੰਤ ਦੀ ਥਾਂ ਨੂੰ ਨਹੀਂ ਭਰਿਆ ਜਾ ਸਕਦਾ ਤੇ ਕੋਈ ਵੀ ਅਜਿਹਾ ਖਿਡਾਰੀ ਨਹੀਂ ਹੈ ਜੋ ਉਨ੍ਹਾਂ ਵਰਗਾ ਅਸਰ ਛੱਡ ਸਕੇ।
ਪਿਛਲੇ ਸਾਲ ਦਸੰਬਰ ਵਿਚ ਕਾਰ ਹਾਦਸੇ ਵਿਚ ਜ਼ਖ਼ਮੀ ਹੋਣ ਵਾਲੇ ਪੰਤ ਅਣਮਿੱਥੇ ਸਮੇਂ ਲਈ ਬਾਹਰ ਹਨ ਤੇ ਪੋਂਟਿੰਗ ਚਾਹੁੰਦੇ ਹਨ ਕਿ ਉਨ੍ਹਾਂ ਦਾ ਇਹ ਪਸੰਦੀਦਾ ਖਿਡਾਰੀ ਘਰੇਲੂ ਮੈਚਾਂ ਦੌਰਾਨ ਦਿੱਲੀ ਕੈਪੀਟਲਜ਼ ਦੇ ਡਗਆਊਟ ਵਿਚ ਮੌਜੂਦ ਰਹੇ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਨੇ ਕਿਹਾ ਕਿ ਪੰਤ ਦਾ ਬਾਹਰ ਹੋਣਾ ਬਹੁਤ ਵੱਡਾ ਝਟਕਾ ਹੈ ਤੇ ਇਹ ਮਾਅਨੇ ਨਹੀਂ ਰੱਖਦਾ ਕਿ ਅਸੀਂ ਉਨ੍ਹਾਂ ਦੀ ਥਾਂ ਕਿਸ ਨੂੰ ਰੱਖਿਆ ਹੈ ਕਿਉਂਕਿ ਸਾਨੂੰ ਤਦ ਵੀ ਪੰਤ ਦੀ ਘਾਟ ਰੜਕੇਗੀ। ਮੈਂ ਕੋਈ ਮਜ਼ਾਕ ਨਹੀਂ ਕਰ ਰਿਹਾ ਹਾਂ ਜਾਂ ਇਸ ਤੱਥ ਨੂੰ ਲੁਕੋ ਨਹੀਂ ਰਿਹਾ ਹਾਂ ਕਿ ਉਹ ਖੇਡ ਦੇ ਤਿੰਨਾਂ ਫਾਰਮੈਟਾਂ ਵਿਚ ਵਿਸ਼ਵ ਦੇ ਸਰਬੋਤਮ ਖਿਡਾਰੀਆਂ ਵਿਚੋਂ ਇਕ ਹਨ। ਉਨ੍ਹਾਂ ਨੇ ਕਿਹਾ ਕਿ ਪੰਤ ਟੈਸਟ ਬੱਲੇਬਾਜ਼ਾਂ ਵਿਚ ਵਿਸ਼ਵ ਰੈਂਕਿੰਗ ਵਿਚ ਸਿਖਰਲੇ ਪੰਜ ਬੱਲੇਬਾਜ਼ਾਂ ਵਿਚ ਸ਼ਾਮਲ ਹਨ ਤੇ ਸਾਡਾ ਕਪਤਾਨ ਮੱਧਕ੍ਰਮ ਵਿਚ ਸਾਡਾ ਚੌਥੇ ਨੰਬਰ ਦਾ ਬੱਲੇਬਾਜ਼ ਹੈ। ਉਹ ਸਾਡੇ ਲਈ ਫਿਨਿਸ਼ਰ ਹੈ ਤੇ ਉਨ੍ਹਾਂ ਦੀ ਥਾਂ ਭਰਨਾ ਨਾਮੁਮਕਿਨ ਹੈ। ਪੋਂਟਿੰਗ ਨੇ ਹਾਲਾਂਕਿ ਇਸ 'ਤੇ ਸਹਿਮਤੀ ਜ਼ਾਹਰ ਕੀਤੀ ਕਿ ਉਨ੍ਹਾਂ ਦੇ ਮੱਧਕ੍ਰਮ ਵਿਚ ਕੁਝ ਚੰਗੇ ਪਾਵਰ ਹਿਟਰ ਹਨ ਜੋ ਪੰਤ ਦੀ ਘਾਟ ਪੂਰੀ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਨੇ ਕਿਹਾ ਕਿ ਜਦ ਅਸੀਂ ਮੱਧਕ੍ਰਮ ਵਿਚ ਪਾਵਰ ਹਿਟਰ ਦੀ ਗੱਲ ਕਰਦੇ ਹਾਂ ਤਾਂ ਸਾਡੇ ਕੋਲ ਅਮਨ ਖ਼ਾਨ, ਰੋਵਮੈਨ ਪਾਵੇਲ ਤੇ ਅਕਸ਼ਰ ਪਟੇਲ ਵਰਗੇ ਖਿਡਾਰੀ ਹਨ। ਅਕਸ਼ਰ ਦੀ ਬੱਲੇਬਾਜ਼ੀ ਵਿਚ ਪਿਛਲੇ 12 ਮਹੀਨਿਆਂ ਵਿਚ ਕਾਫੀ ਸੁਧਾਰ ਹੋਇਆ ਹੈ। ਅਸੀਂ ਪੰਤ ਦੀ ਕਮੀ ਪੂਰੀ ਕਰਨ ਦਾ ਤਰੀਕਾ ਲੱਭਾਂਗੇ ਪਰ ਸਾਨੂੰ ਉਸੇ ਤਰ੍ਹਾਂ ਦਾ ਸਮਰੱਥ ਖਿਡਾਰੀ ਨਹੀਂ ਮਿਲੇਗਾ। ਡੇਵਿਡ ਵਾਰਨਰ ਨੇ ਭਾਰਤ ਖ਼ਿਲਾਫ਼ ਪਿਛਲੇ ਦਿਨੀਂ ਸਮਾਪਤ ਹੋਏ ਤੀਜੇ ਵਨ ਡੇ ਵਿਚ ਚਾਹੇ ਹੀ ਚੌਥੇ ਨੰਬਰ 'ਤੇ ਬੱਲੇਬਾਜ਼ੀ ਕੀਤੀ ਪਰ ਪੋਂਟਿੰਗ ਨੇ ਸਾਫ਼ ਕੀਤਾ ਕਿ ਦਿੱਲੀ ਕੈਪੀਟਲਜ਼ ਦਾ ਨਵਾਂ ਬਣਿਆ ਕਪਤਾਨ ਪਾਰੀ ਦੀ ਸ਼ੁਰੂਆਤ ਕਰੇਗਾ।
ਡੇਵਿਡ ਵਾਰਨਰ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ : ਵਾਟਸਨ
ਮੁੰਬਈ (ਪੀਟੀਆਈ) : ਸਾਬਕਾ ਆਸਟ੍ਰੇਲਿਆਈ ਹਰਫ਼ਨਮੌਲਾ ਤੇ ਦਿੱਲੀ ਕੈਪੀਟਲਜ਼ ਦੇ ਸਹਾਇਕ ਕੋਚ ਸ਼ੇਨ ਵਾਟਸਨ ਨੇ ਕਿਹਾ ਕਿ ਟੀਮ ਦੇ ਨਵੇਂ ਕਪਤਾਨ ਡੇਵਿਡ ਵਾਰਨਰ 31 ਮਾਰਚ ਤੋਂ ਸ਼ੁਰੂ ਹੋ ਰਹੇ ਆਈਪੀਐੱਲ ਦੇ ਅਗਲੇ ਸੈਸ਼ਨ ਵਿਚ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ।
ਵਾਟਸਨ ਨੇ ਕਿਹਾ ਕਿ ਵਾਰਨਰ ਮੇਰੇ ਲਈ ਸਿਖਰ 'ਤੇ ਹਨ। ਉਹ ਖ਼ੁਦ ਨੂੰ ਸਾਬਤ ਕਰਨਾ ਚਾਹੁਣਗੇ। ਉਨ੍ਹਾਂ ਨੇ ਆਈਪੀਐੱਲ ਵਿਚ ਹਮੇਸ਼ਾ ਬਹੁਤ ਦੌੜਾਂ ਬਣਾਈਆਂ ਹਨ। ਸਲਾਮੀ ਬੱਲੇਬਾਜ਼ ਵਜੋਂ ਉਹ ਜੋਵੀ ਦੌੜਾਂ ਬਣਾਉਂਦੇ ਹਨ, ਉਹ ਕਾਫੀ ਮਹੱਤਵਪੂਰਨ ਹੋਣਗੀਆਂ। ਮਿਸ਼ੇਲ ਮਾਰਸ਼ ਲਈ ਇਹ ਇਕ ਹੋਰ ਵੱਡਾ ਸੈਸ਼ਨ ਹੋਣ ਵਾਲਾ ਹੈ। ਉਸ ਵਿਚ ਕਾਫੀ ਸਮਰੱਥਾ ਹੈ ਤੇ ਉਹ ਜਿਸ ਤਰ੍ਹਾਂ ਬੱਲੇਬਾਜ਼ੀ ਵਿਚ ਪ੍ਰਦਰਸ਼ਨ ਕਰ ਰਿਹਾ ਹੈ, ਉਸ ਨਾਲ ਉਹ ਅਸਲ ਵਿਚ ਵੱਡੀ ਭੂਮਿਕਾ ਨਿਭਾਏਗਾ।
ਹਾਰਦਿਕ ਕਪਤਾਨ ਵਜੋਂ ਧੋਨੀ ਵਾਂਗ ਹਨ : ਕਿਸ਼ੋਰ
ਮੁੰਬਈ (ਪੀਟੀਆਈ) : ਗੁਜਰਾਤ ਟਾਈਟਨਜ਼ ਦੇ ਸਪਿੰਨਰ ਆਰ ਸਾਈ ਕਿਸ਼ੋਰ ਨੂੰ ਲਗਦਾ ਹੈ ਕਿ ਉਨ੍ਹਾਂ ਦੀ ਫਰੈਂਚਾਈਜ਼ੀ ਦੇ ਕਪਤਾਨ ਹਾਰਦਿਕ ਪਾਂਡਿਆ ਅਗਵਾਈ ਦੇ ਮਾਮਲੇ ਵਿਚ ਮਹਾਨ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਵਾਂਗ ਹੀ ਹਨ। ਸਾਈ ਕਿਸ਼ੋਰ ਗੁਜਰਾਤ ਦੀ ਟੀਮ ਨਾਲ ਜੁੜਨ ਤੋਂ ਪਹਿਲਾਂ ਕੁਝ ਸਾਲਾਂ ਤਕ ਚੇਨਈ ਸੁਪਰ ਕਿੰਗਜ਼ ਦੇ ਨਾਲ ਖੇਡੇ ਸਨ। ਇਸ ਤਰ੍ਹਾਂ ਉਹ ਦੋਵਾਂ ਖਿਡਾਰੀਆਂ ਨੂੰ ਕਪਤਾਨ ਵਜੋਂ ਨੇੜੇ ਤੋਂ ਦੇਖ ਚੁੱਕੇ ਹਨ। ਸਾਈ ਕਿਸ਼ੋਰ ਨੇ ਕਿਹਾ ਕਿ ਹਾਰਦਿਕ ਤੇ ਧੋਨੀ ਜਿਸ ਤਰ੍ਹਾਂ ਚੀਜ਼ਾਂ ਨੂੰ ਕਰਦੇ ਹਨ, ਉਨ੍ਹਾਂ ਦਾ ਤਰੀਕਾ ਲਗਭਗ ਇੱਕੋ ਜਿਹਾ ਹੀ ਹੈ, ਇਕੱਠੇ ਦੋਵੇਂ ਬਹੁਤ ਹੀ ਸ਼ਾਂਤ ਰਹਿੰਦੇ ਹਨ। ਮੈਂ ਹਾਰਦਿਕ ਦੀ ਇਕ ਕਾਬਲੀਅਤ ਦਾ ਕਾਇਲ ਹਾਂ ਕਿ ਉਹ ਕਾਮਯਾਬੀ ਤੇ ਨਾਕਾਮੀ ਦੋਵਾਂ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ, ਇਹ ਬਹੁਤ ਹੀ ਅਜੀਬ ਚੀਜ਼ ਹੈ। ਉਹ ਬਹੁਤ ਹੀ ਸੰਤੁਲਿਤ ਹੈ, ਇਹ ਉਨ੍ਹਾਂ ਲਈ ਕਾਰਗਰ ਰਿਹਾ ਹੈ।