ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਿੱਗਜ ਮਹਿੰਦਰ ਸਿੰਘ ਧੋਨੀ ਨਾਲ ਤੁਲਨਾ ਤੋਂ ਖ਼ੁਸ਼ ਹਨ ਪਰ ਉਨ੍ਹਾਂ ਨੇ ਕਿਹਾ ਹੈ ਕਿ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਵਿਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਉਹ ਖੇਡ ਵਿਚ ਆਪਣੀ ਵੱਖ ਪਛਾਣ ਬਣਾਉਣਾ ਚਾਹੁੰਦੇ ਹਨ। ਪੰਤ ਦੀ ਅਕਸਰ ਦੋ ਵਾਰ ਦੇ ਵਿਸ਼ਵ ਜੇਤੂ ਕਪਤਾਨ ਧੋਨੀ ਨਾਲ ਤੁਲਨਾ ਕੀਤੀ ਜਾਂਦੀ ਹੈ। ਧੋਨੀ ਨੇ ਪਿਛਲੇ ਸਾਲ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਬਿ੍ਸਬੇਨ ਵਿਚ ਚੌਥੇ ਟੈਸਟ ਮੈਚ ਦੀ ਦੂਜੀ ਪਾਰੀ ਵਿਚ ਅਜੇਤੂ 89 ਦੌੜਾਂ ਦੀ ਮੈਚ ਜੇਤੂ ਪਾਰੀ ਖੇਡਣ ਵਾਲੇ ਪੰਤ ਨੇ ਆਸਟ੍ਰੇਲੀਆ ਤੋਂ ਭਾਰਤ ਪੁੱਜਣ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਜਦ ਤੁਹਾਡੀ ਤੁਲਨਾ ਧੋਨੀ ਵਰਗੇ ਖਿਡਾਰੀ ਨਾਲ ਕੀਤੀ ਜਾਂਦੀ ਹੈ ਤਾਂ ਬਹੁਤ ਚੰਗਾ ਲਗਦਾ ਹੈ ਤੇ ਤੁਸੀਂ ਮੇਰੀ ਤੁਲਨਾ ਉਨ੍ਹਾਂ ਨਾਲ ਕਰਦੇ ਹੋ। ਇਹ ਸ਼ਾਨਦਾਰ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੀ ਕਿਸੇ ਨਾਲ ਤੁਲਨਾ ਕੀਤੀ ਜਾਵੇ। ਮੈਂ ਭਾਰਤੀ ਕ੍ਰਿਕਟ ਵਿਚ ਆਪਣੀ ਵੱਖਰੀ ਪਛਾਣ ਬਣਾਉਣਾ ਚਾਹੁੰਦਾ ਹਾਂ ਕਿਉਂਕਿ ਕਿਸੇ ਨੌਜਵਾਨ ਖਿਡਾਰੀ ਦੀ ਕਿਸੇ ਦਿੱਗਜ ਨਾਲ ਤੁਲਨਾ ਕਰਨਾ ਸਹੀ ਨਹੀਂ ਹੈ।

ਆਪਣੇ ਪ੍ਰਦਰਸ਼ਨ ਤੋਂ ਪੂਰੀ ਟੀਮ ਹੈ ਸੰਤੁਸ਼ਟ

ਸਿਡਨੀ ਵਿਚ ਡਰਾਅ ਟੈਸਟ ਮੈਚ ਵਿਚ 97 ਦੌੜਾਂ ਬਣਾਉਣ ਵਾਲੇ ਪੰਤ ਅਜੇ ਇਸ ਜਿੱਤ ਦਾ ਮਜ਼ਾ ਲੈਣਾ ਚਾਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਸੀਰੀਜ਼ ਵਿਚ ਜਿਸ ਤਰ੍ਹਾਂ ਖੇਡ ਦਿਖਾਈ ਉਸ ਨਾਲ ਪੂਰੀ ਟੀਮ ਬਹੁਤ ਖ਼ੁਸ਼ ਤੇ ਸੰਤੁਸ਼ਟ ਹੈ।