ਨਵੀਂ ਦਿੱਲੀ (ਜੇਐੱਨਐੱਨ) : ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਨੂੰ ਲੈ ਕੇ ਨਿਊਜ਼ੀਲੈਂਡ ਦੇ ਸਾਬਕਾ ਦਿੱਗਜ ਕੋਚ ਮਾਈਕ ਹੇਸਨ ਨੇ ਕਿਹਾ ਹੈ ਕਿ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਟੀਮ ਇੰਡੀਆ ਲਈ ਐਕਸ ਫੈਕਟਰ ਹੋ ਸਕਦੇ ਹਨ। ਹੇਸਨ ਨੇ ਕਿਹਾ ਕਿ ਡਿਊਕ ਬਾਲ ਸਪਿੰਨ ਗੇਂਦਬਾਜ਼ਾਂ ਨੂੰ ਹਮੇਸ਼ਾ ਪਸੰਦ ਆਉਂਦੀ ਹੈ ਕਿਉਂਕਿ ਸੀਮ ਉੱਪਰ ਹੁੰਦੀ ਹੈ।

ਟੀਮ ਇੰਡੀਆ ਵਿਚ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਤੇ ਰਵਿੰਦਰ ਜਡੇਜਾ ਦੇ ਹੋਣ ਨਾਲ ਟੀਮ 'ਚ ਸੰਤੁਲਨ ਚੰਗਾ ਰਹੇਗਾ। ਇਸ ਨਾਲ ਟੀਮ ਨੂੰ ਪੰਜ ਗੇਂਦਬਾਜ਼ ਮਿਲ ਜਾਂਦੇ ਹਨ। ਇੰਨਾ ਹੀ ਨਹੀਂ ਖੱਬੇ ਤੇ ਸੱਜੇ ਹੱਥ ਦੇ ਬੱਲੇਬਾਜ਼ ਖ਼ਿਲਾਫ਼ ਵੀ ਫ਼ਾਇਦਾ ਮਿਲਦਾ ਹੈ। ਨਿਊਜ਼ੀਲੈਂਡ ਵਿਚ ਪੰਜ ਖੱਬੇ ਜਦਕਿ ਛੇ ਸੱਜੇ ਹੱਥ ਦੇ ਬੱਲੇਬਾਜ਼ ਹਨ।

ਹੇਸਨ ਨੇ ਕਿਹਾ ਕਿ ਪੰਤ ਨੇ ਆਸਟ੍ਰੇਲੀਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੂੰ ਵੱਧ ਆਤਮਵਿਸ਼ਵਾਸ ਆ ਗਿਆ ਹੈ। ਇਸ ਕਾਰਨ ਉਹ ਜਿਵੇਂ ਖੇਡਣਾ ਚਾਹੁੰਦਾ ਸੀ ਉਸ ਤਰ੍ਹਾਂ ਖੇਡ ਰਿਹਾ ਹੈ। ਉਨ੍ਹਾਂ ਨੂੰ ਖੇਡਦੇ ਦੇਖਣਾ ਮੈਨੂੰ ਵੀ ਪਸੰਦ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਟੀਮ ਡਬਲਯੂਟੀਸੀ ਫਾਈਨਲ ਵਿਚ ਚਾਰ ਤੇਜ਼ ਗੇਂਦਬਾਜ਼ਾਂ ਨਾਲ ਉਤਰ ਸਕਦੀ ਹੈ। ਪੰਜਵੇਂ ਗੇਂਦਬਾਜ਼ ਵਜੋਂ ਕੋਲਿਨ ਗਰੈਂਡਹੋਮ ਜਾਂ ਖੱਬੇ ਹੱਥ ਦੇ ਸਪਿੰਨ ਗੇਂਦਬਾਜ਼ ਮਿਸ਼ੇਲ ਸੈਂਟਨਰ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਇੰਗਲੈਂਡ ਖ਼ਿਲਾਫ਼ ਸ਼ੁਰੂਆਤੀ ਟੈਸਟ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਡਵੇਨ ਕਾਨਵੇ ਨੂੰ ਲੈ ਕੇ ਉਨ੍ਹਾਂ ਨੇ ਕਿਹਾ ਕਿ ਉਹ ਸੀਮਤ ਓਵਰਾਂ ਦੀ ਕ੍ਰਿਕਟ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰ ਰਿਹਾ ਸੀ। ਮੈਨੂੰ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਕੋਈ ਹੈਰਾਨੀ ਨਹੀਂ ਹੋਈ।