ਨਵੀਂ ਦਿੱਲੀ (ਪੀਟੀਆਈ) : ਸਟਾਰ ਆਲਰਾਊਂਡਰ ਹਾਰਦਿਕ ਪਾਂਡਿਆ ਆਇਰਲੈਂਡ ਖ਼ਿਲਾਫ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਕਪਤਾਨ ਬਣ ਗਿਆ ਹੈ। ਬੀਸੀਸੀਆਈ ਨੇ ਬੁੱਧਵਾਰ ਨੂੰ ਇਸ ਦਾ ਐਲਾਨ ਕੀਤਾ। ਇਸ ਸੀਰੀਜ਼ ਦੇ ਦੋ ਮੈਚ 26 ਅਤੇ 28 ਜੂਨ ਨੂੰ ਡਬਲਿਨ ਵਿਚ ਖੇਡੇ ਜਾਣਗੇ। ਹਾਲ ਹੀ 'ਚ ਹਾਰਦਿਕ ਨੇ ਆਪਣੀ ਕਪਤਾਨੀ 'ਚ ਆਪਣੀ ਟੀਮ ਗੁਜਰਾਤ ਟਾਈਟਨਸ ਦੇ ਨਾਂ 'ਤੇ ਆਈਪੀਐੱਲ ਦਾ ਖਿਤਾਬ ਜਿੱਤਿਆ ਸੀ।

ਟੀਮ 'ਚ ਇਕਲੌਤਾ ਨਵਾਂ ਚਿਹਰਾ ਮਹਾਰਾਸ਼ਟਰ ਦਾ ਸੱਜੇ ਹੱਥ ਦਾ ਬੱਲੇਬਾਜ਼ ਰਾਹੁਲ ਤਿ੍ਪਾਠੀ ਹੈ, ਜਿਸ ਨੂੰ ਪਹਿਲੀ ਵਾਰ ਟੀਮ 'ਚ ਥਾਂ ਮਿਲੀ ਹੈ। ਰਾਹੁਲ ਨੇ ਇਸ ਸਾਲ ਆਈਪੀਐੱਲ ਵਿਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ 400 ਤੋਂ ਵੱਧ ਦੌੜਾਂ ਬਣਾਈਆਂ ਸਨ। ਦੱਖਣੀ ਅਫਰੀਕਾ ਦੇ ਖਿਲਾਫ ਜਾਰੀ ਟੀ-20 ਸੀਰੀਜ਼ ਦੇ ਬਾਅਦ ਕਪਤਾਨ ਰਿਸ਼ਭ ਪੰਤ ਯੂਕੇ 'ਚ ਟੈਸਟ ਟੀਮ ਦੇ ਨਾਲ ਜੁੜੇ ਜਾਣਗੇ। ਹੋਰ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਦੀ ਟੀਮ 'ਚ ਵਾਪਸੀ ਹੋਈ ਹੈ। ਸੰਜੂ ਦੀ ਅਗਵਾਈ 'ਚ ਰਾਜਸਥਾਨ ਰਾਇਲਜ਼ ਇਸ ਸੈਸ਼ਨ 'ਚ ਆਈਪੀਐੱਲ ਦੇ ਫਾਈਨਲ 'ਚ ਪਹੁੰਚਿਆ ਸੀ।