ਦੁਬਈ (ਪੀਟੀਆਈ) : ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਚੇਤੇਸ਼ਵਰ ਪੁਜਾਰਾ ਤੇ ਸਿਡਨੀ ਵਿਚ ਖੇਡੇ ਗਏ ਚੌਥੇ ਟੈਸਟ ਵਿਚ ਸੈਂਕੜਾ ਲਾਉਣ ਵਾਲੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਕੌਂਸਲ (ਆਈਸੀਸੀ) ਦੀ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਵੱਡਾ ਫ਼ਾਇਦਾ ਹੋਇਆ। ਇਸ ਰੈਂਕਿੰਗ ਵਿਚ ਭਾਰਤ ਦੇ 21 ਸਾਲਾ ਵਿਕਟਕੀਪਰ ਬੱਲੇਬਾਜ਼ ਪੰਤ ਨੇ 21 ਸਥਾਨਾਂ ਦੀ ਲੰਬੀ ਛਾਲ ਲਾ ਕੇ 17ਵਾਂ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਵਿਕਟਕੀਪਰਾਂ ਦੀ ਸਰਬੋਤਮ ਰੈਂਕਿੰਗ ਦੇ ਫਾਰੂਖ਼ ਇੰਜੀਨੀਅਰ ਦੇ ਪਿਛਲੇ ਰਿਕਾਰਡ ਦੀ ਬਰਾਬਰੀ ਕੀਤੀ। ਇੰਜੀਨੀਅਰ ਜਨਵਰੀ 1973 ਵਿਚ 17ਵੇਂ ਨੰਬਰ 'ਤੇ ਕਾਬਜ ਸਨ। ਪੰਤ ਦੇ 673 ਰੇਟਿੰਗ ਅੰਕ ਹਨ ਜੋ ਕਿਸੇ ਭਾਰਤੀ ਵਿਕਟਕੀਪਰ ਦੇ ਸਭ ਤੋਂ ਜ਼ਿਆਦਾ ਅੰਕ ਹਨ। ਰੇਟਿੰਗ ਅਕਾਂ ਵਿਚ ਉਨ੍ਹਾਂ ਤੋਂ ਬਾਅਦ ਮਹਿੰਦਰ ਸਿੰਘ ਧੋਨੀ (662 ਅੰਕ) ਦਾ ਨੰਬਰ ਆਉਂਦਾ ਹੈ ਪਰ ਉਨ੍ਹਾਂ ਦੀ ਸਰਬੋਤਮ ਰੈਂਕਿੰਗ 19 ਰਹੀ ਹੈ। ਇੰਜੀਨੀਅਰ ਦੇ ਸਭ ਤੋਂ ਜ਼ਿਆਦਾ ਅੰਕ 619 ਰਹੇ ਹਨ। ਪੰਤ ਸਿਰਫ਼ ਨੌਂ ਟੈਸਟ ਮੈਚਾਂ ਤੋਂ ਬਾਅਦ ਸਿਖ਼ਰਲੇ 20 ਵਿਚ ਸ਼ਾਮਲ ਹੋਏ ਹਨ। ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਉਹ 59ਵੇਂ ਸਥਾਨ 'ਤੇ ਸਨ। ਇਸ ਸੀਰੀਜ਼ ਵਿਚ ਉਨ੍ਹਾਂ ਨੇ 350 ਦੌੜਾਂ ਬਣਾਉਣ ਤੋਂ ਇਲਾਵਾ 20 ਕੈਚ ਵੀ ਫੜੇ। ਇਸ ਤੋਂ ਇਲਾਵਾ ਆਸਟ੍ਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ਵਿਚ 521 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਪੁਜਾਰਾ ਨੇ ਟੈਸਟ ਬੱਲੇਬਾਜ਼ਾਂ ਦੀ ਰੈਂਕਿੰਗ ਵਿਚ ਤੀਜਾ ਸਥਾਨ ਹਾਸਲ ਕੀਤਾ। ਹਰਫ਼ਨਮੌਲਾ ਰਵਿੰਦਰ ਜਡੇਜਾ ਛੇ ਸਥਾਨ ਉੱਪਰ ਉੱਠਦੇ ਹੋਏ 57ਵੇਂ ਸਥਾਨ 'ਤੇ ਅਤੇ ਮਯੰਕ ਅੱਗਰਵਾਲ ਪੰਜ ਸਥਾਨ ਉੱਪਰ ਉੱਠਦੇ ਹੋਏ 62ਵੇਂ ਸਥਾਨ 'ਤੇ ਪੁੱਜ ਗਏ।