ਕੋਲਕਾਤਾ (ਆਈਏਐੱਨਐੱਸ) : ਭਾਰਤੀ ਟੈਸਟ ਟੀਮ ਦੇ ਦੋ ਵਿਕਟਕੀਪਰਾਂ ਰਿੱਧੀਮਾਨ ਸਾਹਾ ਤੇ ਰਿਸ਼ਭ ਪੰਤ ਵਿਚਾਲੇ ਮੁਕਾਬਲਾ ਮੰਨਿਆ ਜਾਂਦਾ ਹੈ ਕਿਉਂਕਿ ਆਮ ਤੌਰ 'ਤੇ ਇਕ ਦੇ ਕਾਰਨ ਦੂਜੇ ਨੂੰ ਆਖ਼ਰੀ-11 'ਚੋਂ ਬਾਹਰ ਬੈਠਣਾ ਪੈਂਦਾ ਹੈ, ਇਨ੍ਹਾਂ ਸਾਰੀਆਂ ਗੱਲਾਂ ਤੋਂ ਪਰ੍ਹੇ ਪੰਤ ਨੂੰ ਸੀਨੀਅਰ ਸਾਹਾ ਨੇ ਹਮੇਸ਼ਾ ਵਿਕਟਾਂ ਦੇ ਪਿੱਛੇ ਬਿਹਤਰ ਕਰਨ ਲਈ ਪ੍ਰਰੇਰਿਤ ਕੀਤਾ ਹੈ ਤੇ ਨਾਲ ਹੀ ਇਸ ਵਿਚ ਉਨ੍ਹਾਂ ਦੀ ਮਦਦ ਕਰਦੇ ਹਨ। ਇਸ ਸਮੇਂ ਦੁਨੀਆ ਦੇ ਬਿਹਤਰੀਨ ਵਿਕਟਕੀਪਰਾਂ ਵਿਚ ਗਿਣੇ ਜਾਣ ਵਾਲੇ ਸਾਹਾ ਨੇ ਕਿਹਾ ਹੈ ਕਿ ਉਹ ਨੌਜਵਾਨ ਖਿਡਾਰੀ ਨੂੰ ਵਿਕਟਕੀਪਿੰਗ ਵਿਚ ਸੁਧਾਰ ਕਰਨ ਨੂੰ ਲੈ ਕੇ ਗੱਲਾਂ ਦੱਸਦੇ ਰਹਿੰਦੇ ਹਨ। ਸਾਹਾ ਨੇ ਨਾਲ ਹੀ ਕਿਹਾ ਹੈ ਕਿ ਦੋਵਾਂ ਵਿਚਾਲੇ ਕਿਸੇ ਤਰ੍ਹਾਂ ਦਾ ਮੁਕਾਬਲਾ ਨਹੀਂ ਹੈ। ਸਾਹਾ ਨੂੰ ਬੰਗਲਾਦੇਸ਼ ਖ਼ਿਲਾਫ਼ ਖੇਡੇ ਗਏ ਡੇ-ਨਾਈਟ ਟੈਸਟ ਮੈਚ ਵਿਚ ਉਂਗਲੀ ਵਿਚ ਸੱਟ ਲੱਗ ਗਈ ਸੀ। ਉਹ ਪਿਛਲੇ ਦਿਨੀਂ ਨਿਊਜ਼ੀਲੈਂਡ ਦੌਰੇ 'ਤੇ ਟੈਸਟ ਟੀਮ ਵਿਚ ਵਾਪਸੀ ਕਰਨ ਵਿਚ ਕਾਮਯਾਬ ਰਹੇ ਸਨ ਪਰ ਆਖ਼ਰੀ-11 ਵਿਚ ਥਾਂ ਨਹੀਂ ਬਣਾ ਸਕੇ ਸਨ। ਸਾਹਾ ਨੇ ਕਿਹਾ ਕਿ ਅਸੀਂ ਆਪਸ ਵਿਚ ਮਸਤੀ ਕਰਦੇ ਰਹਿੰਦੇ ਹਾਂ। ਅਸੀਂ ਇਕੱਠੇ ਅਭਿਆਸ ਕਰਦੇ ਹਾਂ ਤੇ ਖੇਡ ਬਾਰੇ ਲਗਾਤਾਰ ਗੱਲ ਕਰਦੇ ਰਹਿੰਦੇ ਹਾਂ।

ਉਹ ਹਮੇਸ਼ਾ ਆਪਣਾ ਸਰਬੋਤਮ ਦੇਣਾ ਚਾਹੁੰਦਾ ਹੈ। ਅਸੀਂ ਇਕੱਠੇ ਮਿਲ ਕੇ ਕੁਝ ਚੀਜ਼ਾਂ 'ਤੇ ਗੱਲ ਕੀਤੀ ਹੈ। ਸਾਹਾ ਨੇ ਕਿਹਾ ਕਿ ਮੈਂ ਪੰਤ ਨੂੰ ਕੁਝ ਚੀਜ਼ਾਂ ਦੱਸੀਆਂ ਹਨ ਜਿਨ੍ਹਾਂ 'ਤੇ ਉਹ ਆਪਣੀ ਸਹੂਲਤ ਦੇ ਹਿਸਾਬ ਨਾਲ ਕੰਮ ਕਰਨਗੇ। ਉਹ ਅਭਿਆਸ ਵਿਚ ਉਨ੍ਹਾਂ ਦੀ ਕੋਸ਼ਿਸ਼ ਕਰਨਗੇ। ਅਜਿਹਾ ਨਹੀਂ ਹੈ ਕਿ ਉਹ ਇਕ ਦਿਨ ਇਨ੍ਹਾਂ ਚੀਜ਼ਾਂ 'ਤੇ ਕੰਮ ਕਰਨਗੇ ਤੇ ਉਹ ਕੰਮ ਕਰਨ ਲੱਗਣਗੀਆਂ। ਉਨ੍ਹਾਂ ਨੂੰ ਲੱਗੇਗਾ ਕਿ ਇਹ ਚੀਜ਼ਾਂ ਉਨ੍ਹਾਂ ਲਈ ਬਿਹਤਰ ਹਨ ਤਾਂ ਉਹ ਕੋਸ਼ਿਸ਼ ਕਰਨਗੇ। ਟ੍ਰੇਨਿੰਗ ਵਿਚ ਉਨ੍ਹਾਂ ਦਾ ਅਭਿਆਸ ਕਰਨਗੇ।

ਟਿਪਸ ਨਹੀਂ ਖੇਡ 'ਤੇ ਹੈ ਗੱਲਬਾਤ :

ਸਾਹਾ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਇਹ ਟਿਪਸ ਨਹੀਂ ਹਨ ਇਹ ਇਕ ਤਰ੍ਹਾਂ ਨਾਲ ਖੇਡ 'ਤੇ ਕੀਤੀ ਗਈ ਗੱਲਬਾਤ ਹੈ। ਮੈਂ ਉਨ੍ਹਾਂ ਨੂੰ ਉਹ ਗੱਲਾਂ ਦੱਸੀਆਂ ਹਨ ਜੋ ਮੈਂ ਫਾਲੋਅ ਕਰਦਾ ਹਾਂ ਤੇ ਇਸ ਨਾਲ ਮੇਰਾ ਕੰਮ ਸੌਖਾ ਹੁੰਦਾ ਹੈ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਤੁਸੀਂ ਵੀ ਇਹ ਅਜ਼ਮਾਅ ਸਕਦੇ ਹੋ, ਦੇਖਦੇ ਹਾਂ ਕੰਮ ਕਰਦੀਆਂ ਹਨ ਜਾਂ ਨਹੀਂ। ਅਸੀਂ ਆਪਸ ਵਿਚ ਚਰਚਾ ਜ਼ਰੂਰ ਕਰਦੇ ਹਾਂ।