ਜੇਐੱਨਐੱਨ, ਨਾਟਿੰਘਮ : ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਜ਼ਖ਼ਮੀ ਸ਼ਿਖਰ ਧਵਨ ਦੇ ਕਵਰ ਦੇ ਤੌਰ 'ਤੇ ਭਾਰਤ ਦੀ ਵਿਸ਼ਵ ਕੱਪ ਟੀਮ ਨਾਲ ਜੋੜਿਆ ਗਿਆ ਹੈ। ਪੰਤ ਦਾ ਮੁੱਢਲੀ ਟੀਮ ਵਿਚ ਨਾ ਚੁਣਿਆ ਜਾਣਾ ਚਰਚਾ ਦਾ ਵਿਸ਼ਾ ਰਿਹਾ ਸੀ ਕਿਉਂਕਿ ਉਹ ਪਿਛਲੇ ਇਕ ਸਾਲ ਤੋਂ ਸ਼ਾਨਦਾਰ ਲੈਅ ਵਿਚ ਸਨ। ਉਹ ਮਾਨਚੈਸਟਰ ਵਿਚ 16 ਤਰੀਕ ਨੂੰ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮੈਚ ਤੋਂ ਪਹਿਲਾਂ ਟੀਮ ਨਾਲ ਜੁੜਨਗੇ। ਜਦ ਤਕ ਟੀਮ ਮੈਨੇਜਮੈਂਟ ਧਵਨ ਦੀ ਬਾਕੀ ਟੂਰਨਾਮੈਂਟ ਵਿਚ ਉਪਲੱਬਧਤਾ ਨੂੰ ਲੈ ਕੇ ਆਖ਼ਰੀ ਫ਼ੈਸਲਾ ਨਹੀਂ ਕਰਦਾ ਤਦ ਤਕ ਪੰਤ ਨੂੰ ਉਨ੍ਹਾਂ ਦੇ ਬਦਲੇ 15 ਮੈਂਬਰੀ ਟੀਮ ਵਿਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਟੀਮ ਮੈਨੇਜਮੈਂਟ ਦੀ ਬੇਨਤੀ 'ਤੇ ਪੰਤ ਨੂੰ ਕਵਰ ਵਜੋਂ ਭਾਰਤ ਤੋਂ ਬੁਲਾਇਆ ਗਿਆ ਹੈ। ਆਈਸੀਸੀ ਦੇ ਨਿਯਮ ਕਾਰਨ ਟੀਮ ਮੈਨੇਜਮੈਂਟ ਧਵਨ ਦੇ ਫਿੱਟ ਹੋਣ ਦੀ ਉਡੀਕ ਕਰ ਰਹੀ ਹੈ। ਜੇ ਟੀਮ ਮੈਨੇਜਮੈਂਟ ਧਵਨ ਨੂੰ ਬਾਹਰ ਕਰ ਦਿੰਦੀ ਹੈ ਤਾਂ ਉਨ੍ਹਾਂ ਦੀ ਇਸ ਟੂਰਨਾਮੈਂਟ ਵਿਚ ਦੁਬਾਰਾ ਤਦ ਹੀ ਵਾਪਸੀ ਹੋ ਸਕਦੀ ਹੈ ਜਦ ਕੋਈ ਹੋਰ ਖਿਡਾਰੀ ਜ਼ਖ਼ਮੀ ਹੋਵੇਗਾ। ਇਸ ਕਾਰਨ ਟੀਮ ਮੈਨੇਜਮੈਂਟ ਚਾਹੁੰਦੀ ਹੈ ਕਿ ਜਦ ਤਕ ਸੰਭਵ ਹੋਵੇ ਤਦ ਤਕ ਧਵਨ ਦੇ ਫਿੱਟ ਹੋਣ ਦੀ ਉਡੀਕ ਕੀਤੀ ਜਾਵੇ।

ਟੀਮ ਇੰਡੀਆ ਦੀ ਸੈਮੀਫਾਈਨਲ ਤੇ ਫਾਈਨਲ ਦੀ ਸੋਚ

ਭਾਰਤ ਨੇ ਆਪਣੇ ਦੋ ਸਭ ਤੋਂ ਅੌਖੇ ਮੈਚ ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਖ਼ਿਲਾਫ਼ ਜਿੱਤ ਲਏ ਹਨ। ਜੇ ਟੀਮ ਨਿਊਜ਼ੀਲੈਂਡ, ਪਾਕਿਸਤਾਨ ਤੇ ਅਫ਼ਗਾਨਿਸਤਾਨ ਖ਼ਿਲਾਫ਼ ਆਪਣੇ ਤਿੰਨ ਵਿਚੋਂ ਦੋ ਮੈਚ ਵੀ ਜਿੱਤ ਲੈਂਦੀ ਹੈ ਤਾਂ ਉਸ ਤੋਂ ਬਾਅਦ ਉਸ ਨੂੰ ਸੈਮੀਫਾਈਨਲ ਵਿਚ ਪੁੱਜਣ ਤੋਂ ਕੋਈ ਨਹੀਂ ਰੋਕ ਸਕਦਾ। ਇਸ ਕਾਰਨ ਧਵਨ ਦੇ ਫਿੱਟ ਹੋਣ 'ਤੇ ਸੈਮੀਫਾਈਨਲ ਤੇ ਫਾਈਨਲ ਵਿਚ ਟੀਮ ਇੰਡੀਆ ਨੂੰ ਮੁਸ਼ਕਲ ਨਹੀਂ ਹੋਵੇਗੀ।