ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਸਾਬਕਾ ਸਪਿੰਨਰ ਸਕਲੇਨ ਮੁਸ਼ਤਾਕ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਗੇਂਦਬਾਜ਼ਾਂ ਲਈ ਕੂਹਣੀ ਮੋੜਨ ਦੀ ਮੌਜੂਦਾ 15 ਡਿਗਰੀ ਦੀ ਹੱਦ ਨੂੰ ਹਟਾ ਦੇਵੇ। ਸਕਲੇਨ ਲਾਹੌਰ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਦੇ ਉੱਚ ਪ੍ਰਦਰਸ਼ਨ ਕੇਂਦਰ ਵਿਚ ਮੁੱਖ ਕੋਚ ਹਨ। ਉਨ੍ਹਾਂ ਨੇ ਕਿਹਾ ਕਿ ਇਹ ਨਿਯਮ ਨੌਜਵਾਨਾਂ ਨੂੰ ਆਫ ਸਪਿੰਨ ਗੇਂਦਬਾਜ਼ੀ ਕਲਾ ਨੂੰ ਅਪਨਾਉਣ ਤੋਂ ਰੋਕਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਜਾਨਣਾ ਚਾਹੁੰਦਾ ਹਾਂ ਕਿ ਆਈਸੀਸੀ ਦੇ ਮਾਹਿਰ ਗੇਂਦਬਾਜ਼ਾਂ ਨੂੰ ਸਿਰਫ਼ 15 ਡਿਗਰੀ ਤਕ ਕੂਹਣੀ ਮੋੜਨ ਦੀ ਇਜਾਜ਼ਤ ਦੇਣ ਦੇ ਨਤੀਜੇ 'ਤੇ ਕਿਵੇਂ ਪੁੱਜੇ। ਕੀ ਉਨ੍ਹਾਂ ਨੇ ਏਸ਼ਿਆਈ ਖਿਡਾਰੀਆਂ, ਕੈਰੇਬਿਆਈ ਖਿਡਾਰੀਆਂ ਜਾਂ ਕਿਸੇ ਹੋਰ 'ਤੇ ਖੋਜ ਕੀਤੀ ਕਿਉਂਕਿ ਹਰ ਕੋਈ ਵੱਖ ਹੈ। ਏਸ਼ਿਆਈ ਖਿਡਾਰੀਆਂ ਦਾ ਸਰੀਰ ਕੈਰੇਬਿਆਈ ਜਾਂ ਇੰਗਲੈਂਡ ਦੇ ਖਿਡਾਰੀਆਂ ਤੋਂ ਥੋੜ੍ਹਾ ਵੱਖ ਹੈ। ਮੈਨੂੰ ਲਗਦਾ ਹੈ ਕਿ ਆਈਸੀਸੀ ਨੂੰ ਇਸ ਕਾਨੂੰਨ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿਉਂਕਿ 15 ਡਿਗਰੀ ਦੀ ਹੱਦ ਬਹੁਤ ਘੱਟ ਹੈ। ਇਹ ਆਫ ਸਪਿੰਨ ਗੇਂਦਬਾਜ਼ੀ ਦੀ ਕਲਾ ਪ੍ਰਤੀ ਖਿਡਾਰੀਆਂ ਨੂੰ ਉਤਸ਼ਾਹਤ ਨਹੀਂ ਕਰਦੀ।

ਆਫ ਸਪਿੰਨ ਛੱਡ ਰਹੇ ਹਨ ਖਿਡਾਰੀ :

ਸਕਲੇਨ ਨੇ ਕਿਹਾ ਕਿ ਮੈਂ ਨਿੱਜੀ ਤੌਰ 'ਤੇ ਮੰਨਦਾ ਹਾਂ ਕਿ ਕਾਨੂੰਨ ਦੇ ਤਹਿਤ ਕੋਈ ਆਫ-ਸਪਿੰਨ, ਦੂਸਰਾ ਤੇ ਟਾਪ ਸਪਿੰਨ ਗੇਂਦਬਾਜ਼ੀ ਕਰ ਸਕਦਾ ਹੈ ਪਰ ਜਦ ਤੋਂ ਇਹ ਨਿਯਮ ਸਾਹਮਣੇ ਆਇਆ ਹੈ, ਮੈਂ ਅਜਿਹੇ ਖਿਡਾਰੀ ਦੇਖੇ ਹਨ ਜੋ ਆਫ ਸਪਿੰਨ ਗੇਂਦਬਾਜ਼ੀ ਕਰਦੇ ਸਨ ਪਰ ਹੁਣ ਲੈੱਗ ਸਪਿੰਨਰ ਜਾਂ ਗੁੱਟ ਦੇ ਸਪਿੰਨਰ ਬਣ ਗਏ ਹਨ।