ਬਿ੍ਸਬਨ (ਏਐੱਫਪੀ) : ਪਾਕਿਸਤਾਨ ਲਈ ਸ਼ੁਰੂਆਤ ਕਰ ਰਹੇ 16 ਸਾਲ ਦੇ ਤੇਜ਼ ਗੇਂਦਬਾਜ਼ ਨਸੀਮ ਸ਼ਾਹ ਦੀ ਲਾਪਰਵਾਹੀ ਦਾ ਫ਼ਾਇਦਾ ਉਠਾਉਂਦੇ ਹੋਏ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਪਹਿਲੇ ਟੈਸਟ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਇੱਥੇ ਅਜੇਤੂ 151 ਦੌੜਾਂ ਦੀ ਪਾਰੀ ਖੇਡੀ ਜਿਸ ਨਾਲ ਆਸਟ੍ਰੇਲੀਆ ਨੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਤਕ ਇਕ ਵਿਕਟ 'ਤੇ 312 ਦੌੜਾਂ ਬਣਾ ਲਈਆਂ। ਪਾਕਿਸਤਾਨ ਦੀ ਪਹਿਲੀ ਪਾਰੀ 240 ਦੌੜਾਂ 'ਤੇ ਸਿਮਟੀ ਸੀ। ਇਸ ਤਰ੍ਹਾਂ ਆਸਟ੍ਰੇਲੀਆ ਨੇ ਸਿਰਫ਼ ਇਕ ਵਿਕਟ ਗੁਆ ਕੇ 72 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ। ਵਾਰਨਰ ਦੇ ਨਾਲ ਮਾਰਨਸ ਲਾਬੂਸ਼ਾਨੇ 55 ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਹਨ ਜਦਕਿ ਸਲਾਮੀ ਬੱਲੇਬਾਜ਼ ਜੋ ਬਰਨਜ਼ (97) ਸੈਂਕੜੇ ਤੋਂ ਖੁੰਝ ਗਏ। ਬਰਨਸ, ਯਾਸਿਰ ਸ਼ਾਹ (1/110) ਦੀ ਗੇਂਦ 'ਤੇ ਸਵੀਪ ਕਰਨ ਦੀ ਕੋਸ਼ਿਸ਼ ਵਿਚ ਬੋਲਡ ਹੋ ਗਏ। ਵਾਰਨਰ ਤੇ ਬਰਨਜ਼ ਨੇ ਪਹਿਲੀ ਵਿਕਟ ਲਈ 222 ਦੌੜਾਂ ਜੋੜੀਆਂ। ਗੇਂਦ ਨਾਲ ਛੇੜਛਾੜ ਕਾਰਨ ਇਕ ਸਾਲ ਦੀ ਪਾਬੰਦੀ ਸਹਿਣ ਵਾਲੇ ਵਾਰਨਰ ਦੀ ਵਾਪਸੀ ਤੋਂ ਬਾਅਦ ਪਹਿਲੀ ਸੈਂਕੜੇ ਵਾਲੀ ਪਾਰੀ ਹੈ। ਇਸ ਦੌਰਾਨ ਉਨ੍ਹਾਂ ਨੂੰ ਹਾਲਾਂਕਿ ਕਿਸਮਤ ਦਾ ਵੀ ਸਾਥ ਮਿਲਿਆ। ਜਦ ਉਹ 56 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਸਨ ਤਾਂ ਨਸੀਮ ਦੀ ਗੇਂਦ 'ਤੇ ਵਿਕਟਾਂ ਦੇ ਪਿੱਛੇ ਫੜੇ ਗਏ ਪਰ ਟੀਵੀ ਰੀਪਲੇਅ ਵਿਚ ਦਿਖਾਈ ਦਿੱਤਾ ਕਿ ਇਸ ਤੇਜ਼ ਗੇਂਦਬਾਜ਼ ਦਾ ਪੈਰ ਕ੍ਰੀਜ਼ ਤੋਂ ਬਾਹਰ ਸੀ ਜਿਸ ਤੋਂ ਬਾਅਦ ਅੰਪਾਇਰ ਨੇ ਇਸ ਨੂੰ ਨੋ ਬਾਲ ਕਰਾਰ ਦਿੱਤਾ। ਵਾਰਨਰ ਨੇ ਲਗਭਗ ਦੋ ਸਾਲ ਬਾਅਦ ਪਹਿਲੀ ਸੈਂਕੜੇ ਵਾਲੀ ਪਾਰੀ ਖੇਡੀ। 33 ਸਾਲ ਦੇ ਇਸ ਬੱਲੇਬਾਜ਼ ਨੇ ਐਸ਼ੇਜ਼ ਸੀਰੀਜ਼ ਦੀਆਂ 10 ਪਾਰੀਆਂ ਵਿਚ ਸਿਰਫ਼ 95 ਦੌੜਾਂ ਬਣਾਈਆਂ ਸਨ। ਉਨ੍ਹਾਂ ਨੇ ਚਾਹ ਦੇ ਸਮੇਂ ਤੋਂ ਬਾਅਦ ਯਾਸਿਰ ਸ਼ਾਹ ਦੀ ਗੇਂਦ 'ਤੇ ਇਕ ਦੌੜ ਲੈ ਕੇ ਟੈਸਟ ਕਰੀਅਰ ਦਾ 22ਵਾਂ ਸੈਂਕੜਾ ਪੂਰਾ ਕੀਤਾ। ਗਾਬਾ ਦੇ ਮੈਦਾਨ 'ਤੇ ਇਹ ਉਨ੍ਹਾਂ ਦੀ ਚੌਥੀ ਸੈਂਕੜੇ ਵਾਲੀ ਪਾਰੀ।

ਨਾਕਾਮ ਰਹੇ ਪਾਕਿ ਟੀਮ ਦੇ ਗੇਂਦਬਾਜ਼ :

ਪਾਕਿਸਤਾਨ ਦੇ ਕਿਸੇ ਵੀ ਗੇਂਦਬਾਜ਼ ਨੂੰ ਨਾ ਤਾਂ ਸਵਿੰਗ ਮਿਲੀ ਤੇ ਨਾ ਹੀ ਟਰਨ, ਜਿਸ ਦਾ ਵਾਰਨਰ ਤੇ ਬਰਨਜ਼ ਨੇ ਚੰਗਾ ਫ਼ਾਇਦਾ ਉਠਾਇਆ। ਦੋਵਾਂ ਨੂੰ 222 ਦੌੜਾਂ ਦੀ ਭਾਈਵਾਲੀ ਦੌਰਾਨ ਕੋਈ ਪਰੇਸ਼ਾਨੀ ਨਹੀਂ ਹੋਈ। ਬਰਨਜ਼ ਦੇ ਆਊਟ ਹੋਣ ਤੋਂ ਬਾਅਦ ਕ੍ਰੀਜ਼ 'ਤੇ ਉਤਰੇ ਲਾਬੂਸ਼ਾਨੇ ਨੇ ਵੀ ਪ੍ਰਭਾਵਿਤ ਕੀਤਾ ਤੇ ਵਾਰਨਰ ਨਾਲ ਹੁਣ ਤਕ 90 ਦੌੜਾਂ ਦੀ ਅਟੁੱਟ ਭਾਈਵਾਲੀ ਕਰ ਕੇ ਆਪਣੀ ਟੀਮ ਨੂੰ ਬਹੁਤ ਹੀ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ।