ਦੁਬਈ (ਪੀਟੀਆਈ) : ਰਾਸ਼ਟਰਮੰਡਲ ਖੇਡਾਂ ਵਿਚ ਸਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੀ ਭਾਰਤੀ ਤੇਜ਼ ਗੇਂਦਬਾਜ਼ ਰੇਣੁਕਾ ਸਿੰਘ ਮੰਗਲਵਾਰ ਨੂੰ ਜਾਰੀ ਆਈਸੀਸੀ ਦੀ ਨਵੀਂ ਮਹਿਲਾ ਟੀ-20 ਰੈਂਕਿੰਗ ਵਿਚ ਗੇਂਦਬਾਜ਼ਾਂ ਦੀ ਸੂਚੀ ਵਿਚ ਕਰੀਅਰ ਦੇ ਸਰਬੋਤਮ 18ਵੇਂ ਸਥਾਨ 'ਤੇ ਪੁੱਜ ਗਈ। ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੀ ਸਿਲਵਰ ਮੈਡਲ ਜਿੱਤਣ ਦੀ ਮੁਹਿੰਮ ਦੌਰਾਨ ਰੇਣੂਕਾ ਨੇ 11 ਵਿਕਟਾਂ ਹਾਸਲ ਕੀਤੀਆਂ। ਇਸ ਪ੍ਰਦਰਸ਼ਨ ਦੀ ਬਦੌਲਤ ਰੇਣੂਕਾ 10 ਸਥਾਨ ਦੀ ਛਾਲ ਨਾਲ ਕਰੀਅਰ ਵਿਚ ਪਹਿਲੀ ਵਾਰ ਟਾਪ-20 ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ।

ਲੈਅ ਵਿਚ ਵਾਪਸੀ ਕਰਨ ਵਾਲੀ ਜੇਮੀਮਾਾ ਰਾਡਰਿਗਜ਼ ਨੇ ਰਾਸ਼ਟਰਮੰਡਲ ਖੇਡਾਂ ਵਿਚ 146 ਦੌੜਾਂ ਬਣਾਈਆਂ ਜਿਸ ਨਾਲ ਉਹ ਅਕਤੂਬਰ 2021 ਤੋਂ ਬਾਅਦ ਪਹਿਲੀ ਵਾਰ ਟਾਪ-10 ਬੱਲੇਬਾਜ਼ਾਂ ਦੀ ਸੂਚੀ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੀ। ਉਹ 10ਵੇਂ ਸਥਾਨ 'ਤੇ ਹੈ। ਸਮਿ੍ਤੀ ਮੰਧਾਨਾ ਦੋ ਸਥਾਨ ਦੇ ਨੁਕਸਾਨ ਨਾਲ ਚੌਥੇ ਜਦਕਿ ਸ਼ੇਫਾਲੀ ਵਰਮਾ ਛੇਵੇਂ ਸਥਾਨ 'ਤੇ ਖਿਸਕ ਗਈ। ਦੀਪਤੀ ਸ਼ਰਮਾ ਸੂਚੀ ਵਿਚ ਦੋ ਸਥਾਨ ਦੇ ਫ਼ਾਇਦੇ ਨਾਲ 36ਵੇਂ ਸਥਾਨ 'ਤੇ ਹੈ। ਗੇਂਦਬਾਜ਼ਾਂ ਦੀ ਸੂਚੀ ਵਿਚ ਖੱਬੇ ਹੱਥ ਦੀ ਸਪਿੰਨਰ ਰਾਧਾ ਯਾਦਵ 14ਵੇਂ ਸਥਾਨ 'ਤੇ ਪੁੱਜ ਗਈ ਹੈ।

Posted By: Gurinder Singh