ਏਬੀ ਡਿਲੀਵੀਅਰਸ ਦੀ ਕਲਮ ਤੋਂ

ਸ਼ਾਰਜਾਹ 'ਚ ਸ਼ੁੱਕਰਵਾਰ ਦੀ ਰਾਤ ਕਾਫੀ ਇਵੈਂਟਫੁੱਲ ਰਹੀ। ਇਕ ਗੱਲ ਮੈਂ ਹੋਰ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਇਕ ਟੀਮ ਮੈਨ ਹਾਂ। ਜੇ ਕੋਚ ਤੇ ਕਪਤਾਨ ਕਿਸੇ ਰਣਨੀਤੀ 'ਤੇ ਸਹਿਮਤ ਹੁੰਦੇ ਹਨ ਤਾਂ ਮੈਂ ਉਨ੍ਹਾਂ 'ਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕਰਦਾ ਬਲਕਿ ਉਨ੍ਹਾਂ ਨੂੰ ਹਮੇਸ਼ਾ ਮੇਰਾ ਪੂਰਾ ਸਮਰਥਨ ਰਹਿੰਦਾ ਹੈ। ਟੀਮ ਦੀ ਖੇਡ 'ਚ ਅਜਿਹਾ ਹੀ ਹੁੰਦਾ ਹੈ ਤੇ ਇਸੇ ਤਰ੍ਹਾਂ ਇਕ ਸਫ਼ਲ ਟੀਮ ਕੰਮ ਕਰਦੀ ਹੈ। ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਆਰਸੀਬੀ ਨੇ ਪਹਿਲਾਂ ਬੱਲੇਬਾਜ਼ੀ ਦਾ ਫ਼ੈਸਲਾ ਕੀਤਾ ਤੇ ਮੈਂ ਸੁਭਾਵਿਕ ਤੌਰ 'ਤੇ ਚੌਥੇ ਨੰਬਰ 'ਤੇ ਬੱਲੇਬਾਜ਼ੀ ਦੀ ਉਮੀਦ ਕਰ ਰਿਹਾ ਸੀ। ਇੱਥੋਂ ਤਕ ਕਿ ਜਦੋਂ ਛੇਵੇਂ ਓਵਰ 'ਚ 62 ਦੌੜਾਂ ਦੇ ਸਕੋਰ 'ਤੇ ਦੂਸਰੀ ਵਿਕਟ ਡਿੱਗੀ ਤਾਂ ਮੈਂ ਉਸ ਗੇਟ ਨੂੰ ਪਾਰ ਕਰਨਾ ਸ਼ੁਰੂ ਕਰ ਦਿੱਤਾ ਜਿਸ ਦਾ ਰਸਤਾ ਮੈਦਾਨ ਵੱਲ ਜਾਂਦਾ ਹੈ।

ਪਰ ਠੀਕ ਉਸੇ ਸਮੇਂ ਮੈਨੂੰ ਉਡੀਕ ਕਰਨ ਲਈ ਕਿਹਾ ਗਿਆ ਕਿਉਂਕਿ ਕੋਚ ਤੇ ਕਪਤਾਨ ਨੇ ਇਹ ਫ਼ੈਸਲਾ ਕੀਤਾ ਸੀ ਕਿ ਅਸੀਂ ਉਸ ਸਮੇਂ ਗੇਂਦਬਾਜ਼ੀ ਕਰ ਰਹੇ ਪੰਜਾਬ ਦੇ ਦੋ ਲੈੱਗ ਸਪਿਨਰਾਂ ਦੇ ਸਾਹਮਣੇ ਸੱਜੇ ਤੇ ਖੱਬੇ ਹੱਥ ਦੇ ਬੱਲੇਬਾਜ਼ਾਂ ਦਾ ਤਾਲਮੇਲ ਬਣਾਈ ਰੱਖਣਾ ਹੈ। ਇਹ ਬਿਲਕੁਲ ਸਹੀ ਫ਼ੈਸਲਾ ਸੀ। ਦੁਨੀਆ ਭਰ ਦੀਆਂ ਟੀਮਾਂ ਲੈੱਗ ਸਪਿਨਰ ਦੇ ਸਾਹਮਣੇ ਖੱਬੇ ਹੱਥ ਦੇ ਬੱਲੇਬਾਜ਼ਾਂ ਨੂੰ ਖਿਡਾਉਣ ਨੂੰ ਪਹਿਲ ਦਿੰਦੀਆਂ ਹਨ। ਮੈਂ ਉਦੋਂ ਇਸ ਫ਼ੈਸਲੇ 'ਤੇ ਕੋਈ ਸਵਾਲ ਨਹੀਂ ਕੀਤਾ। ਕਿ੍ਸ ਮੌਰਿਸ ਦੀ ਹਮਲਾਵਰ ਬੱਲੇਬਾਜ਼ੀ ਤੋਂ ਬਾਅਦ ਸਾਡੀ ਟੀਮ 20 ਓਵਰਾਂ 'ਚ ਛੇ ਵਿਕਟਾਂ 'ਤੇ 171 ਦੌੜਾਂ ਤਕ ਪਹੁੰਚ ਗਈ। ਹੋ ਸਕਦਾ ਹੈ ਕਿ ਸ਼ਾਰਜਾਹ ਦੀ ਹੌਲੀ ਪਿੱਚ 'ਤੇ ਸਾਨੂੰ ਜਿੰਨੀਆਂ ਦੌੜਾਂ ਦੀ ਜ਼ਰੂਰਤ ਸੀ, ਇਹ ਇਸ ਤੋਂ ਕੁਝ ਘੱਟ ਸਨ। ਕੇਐੱਲ ਰਾਹੁਲ, ਮਯੰਕ ਅਗਰਵਾਲ ਤੇ ਕ੍ਰਿਸ ਗੇਲ ਸਾਰਿਆਂ ਨੇ ਟੀਚੇ ਦਾ ਪਿੱਛਾ ਕਰਨ 'ਚ ਅਹਿਮ ਯੋਗਦਾਨ ਦਿੱਤਾ। ਪੰਜਾਬ ਦੀ ਟੀਮ ਆਈਪੀਐੱਲ 'ਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਵਾਲੀ ਜਿੱਤ ਹਾਸਲ ਕਰਨ 'ਚ ਸਫਲ ਰਹੀ। ਮੇਰੇ ਹਿਸਾਬ ਨਾਲ ਪੰਜਾਬ ਦੀ ਟੀਮ ਦੀ ਅੰਕ ਸੂਚੀ 'ਚ ਜੋ ਸਥਿਤੀ ਹੈ ਉਹ ਅਸਲ 'ਚ ਉਸ ਤੋਂ ਕਿਤੇ ਵੱਧ ਬਿਹਤਰ ਟੀਮ ਹੈ। ਇਸ ਟੂਰਨਾਮੈਂਟ 'ਚ ਕੋਈ ਵੀ ਟੀਮ ਕਿਸੇ ਨੂੰ ਵੀ ਹਰਾ ਸਕਦੀ ਹੈ। ਇਹ ਅਸਲੀਅਤ ਹੀ ਆਈਪੀਐੱਲ ਨੂੰ ਇਕ ਸ਼ਾਨਦਾਰ ਮੁਕਾਬਲਾ ਬਣਾਉਂਦੀ ਹੈ। ਜਿੱਥੋਂ ਤਕ ਆਰਸੀਬੀ ਦੀ ਗੱਲ ਹੈ ਤਾਂ ਸਾਨੂੰ ਇਸ ਨਿਰਾਸ਼ਾਜਨਕ ਹਾਰ ਤੋਂ ਬਾਹਰ ਨਿਕਲ ਕੇ ਮਿਹਨਤ ਜਾਰੀ ਰੱਖਣੀ ਹੈ ਤੇ ਸ਼ਨਿਚਰਵਾਰ ਨੂੰ ਰਾਜਸਥਾਨ ਰਾਇਲਜ਼ ਖ਼ਿਲਾਫ਼ ਦੁਬਈ 'ਚ ਹੋਣ ਵਾਲੇ ਅਗਲੇ ਮੁਕਾਬਲੇ 'ਚ ਲੈ ਹਾਸਲ ਕਰਨੀ ਹੈ। ਆਪਣੀ ਗੱਲ ਕਰਾਂ ਤਾਂ ਮੈਂ ਟੀਮ ਦੀ ਜ਼ਰੂਰਤ ਦੇ ਹਿਸਾਬ ਨਾਲ ਕਦੇ ਵੀ, ਕਿਤੇ ਵੀ ਬੱਲੇਬਾਜ਼ੀ ਕਰਨ ਲਈ ਤਿਆਰ ਹਾਂ ਤਾਂਕਿ ਇਸ ਲੀਗ ਨੂੰ ਜਿੱਤਣ ਦੀ ਮੁਹਿੰਮ 'ਚ ਟੀਮ ਦੀ ਮਦਦ ਕਰ ਸਕਾ। (ਟੀਸੀਐੱਮ)