ਚੇਨਈ (ਪੀਟੀਆਈ) : ਜਿੱਤ ਨਾਲ ਆਗਾਜ਼ ਕਰਨ ਵਾਲੀ ਵਿਰਾਟ ਕੋਹਲੀ ਦੀ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਾ ਇਰਾਦਾ ਆਈਪੀਐੱਲ ਵਿਚ ਬੁੱਧਵਾਰ ਨੂੰ ਸਨਰਾਈਜਰਜ਼ ਹੈਦਰਾਬਾਦ ਖ਼ਿਲਾਫ਼ ਇਸ ਲੈਅ ਨੂੰ ਕਾਇਮ ਰੱਖਣ ਦਾ ਹੋਵੇਗਾ। ਆਰਸੀਬੀ ਨੇ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਹਰਾ ਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਥੇ ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਸਨਰਾਈਜਰਜ਼ ਨੂੰ ਪਹਿਲੇ ਮੈਚ ਵਿਚ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨੇ ਮਾਤ ਦਿੱਤੀ। ਪਹਿਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਰਸੀਬੀ ਦੀ ਬੱਲੇਬਾਜ਼ੀ ਯੋਗਤਾ ਦੇਵਦੱਤ ਪਡੀਕਲ ਦੀ ਵਾਪਸੀ ਨਾਲ ਹੋਰ ਮਜ਼ਬੂਤ ਹੋਵੇਗੀ। ਪਡੀਕਲ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਤੇ ਹੁਣ ਖੇਡਣ ਲਈ ਪੂਰੀ ਤਰ੍ਹਾਂ ਫਿੱਟ ਹਨ। ਉਹ 22 ਮਾਰਚ ਨੂੰ ਕੋਰੋਨਾ ਪਾਜ਼ੇਟਿਵ ਆਏ ਸਨ ਤੇ ਆਈਸੋਲੇਸ਼ਨ ਵਿਚ ਸਨ। ਕਰਨਾਟਕ ਦੇ 20 ਸਾਲ ਦੇ ਖੱਬੇ ਹੱਥ ਦੇ ਬੱਲੇਬਾਜ਼ ਪਡੀਕਲ ਨੇ ਪਿਛਲੇ ਸੈਸ਼ਨ ਵਿਚ 15 ਮੈਚਾਂ ਵਿਚ ਟੀਮ ਲਈ ਸਭ ਤੋਂ ਵੱਧ 473 ਦੌੜਾਂ ਬਣਾਈਆਂ ਸਨ। ਆਪਣੇ ਪਹਿਲੇ ਹੀ ਸੈਸ਼ਨ ਵਿਚ ਉਨ੍ਹਾਂ ਨੇ ਪੰਜ ਅਰਧ ਸੈਂਕੜੇ ਲਾਏ ਸਨ। ਇਸ ਤੋਂ ਬਾਅਦ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਛੇ ਮੈਚਾਂ ਵਿਚ 218 ਤੇ ਵਿਜੇ ਹਜ਼ਾਰੇ ਟਰਾਫੀ ਵਿਚ ਸੱਤ ਮੈਚਾਂ ਵਿਚ 737 ਦੌੜਾਂ ਬਣਾਈਆਂ ਸਨ। ਪਡੀਕਲ ਬੁੱਧਵਾਰ ਨੂੰ ਨਹੀਂ ਵੀ ਖੇਡ ਸਕੇ ਤਾਂ ਆਰਸੀਬੀ ਲਈ ਕੋਹਲੀ ਤੇ ਵਾਸ਼ਿੰਗਟਨ ਸੁੰਦਰ ਪਾਰੀ ਦੀ ਸ਼ੁਰੂਆਤ ਕਰਨਗੇ। ਪਹਿਲੇ ਮੈਚ ਵਿਚ ਨਾਕਾਮ ਰਹਿਣ ਤੋਂ ਬਾਅਦ ਸੁੰਦਰ ਤੇ ਰਜਤ ਪਾਟੀਦਾਰ ਸਨਰਾਈਜਰਜ਼ ਖ਼ਿਲਾਫ਼ ਯੋਗਦਾਨ ਦੇਣਾ ਚਾਹੁਣਗੇ। ਆਰਸੀਬੀ ਲਈ ਬੱਲੇਬਾਜ਼ੀ ਦਾ ਦਾਰੋਮਦਾਰ ਕੋਹਲੀ ਤੇ ਏਬੀ ਡਿਵੀਲੀਅਰਜ਼ 'ਤੇ ਹੋਵੇਗਾ।

ਵਾਰਨਰ-ਬੇਰਸਟੋ ਕਰ ਸਕਦੇ ਹਨ ਆਗਾਜ਼

ਦੂਜੇ ਪਾਸੇ ਸਨਰਾਈਜਰਜ਼ ਦੇ ਦੋਵੇਂ ਸਲਾਮੀ ਬੱਲੇਬਾਜ਼ ਰਿੱਧੀਮਾਨ ਸਾਹਾ ਤੇ ਵਾਰਨਰ ਕੇਕੇਆਰ ਖ਼ਿਲਾਫ਼ ਨਾਕਾਮ ਰਹੇ ਸਨ। ਹੁਣ ਉਹ ਲੈਅ ਵਿਚ ਮੁੜਨ ਦੀ ਕੋਸ਼ਿਸ਼ ਕਰਨਗੇ। ਸਨਰਾਈਜਰਜ਼ ਵਾਰਨਰ ਨਾਲ ਪਾਰੀ ਦੀ ਸ਼ੁਰੂਆਤ ਲਈ ਜਾਨੀ ਬੇਰਸਟੋ ਨੂੰ ਵੀ ਉਤਾਰ ਸਕਦੇ ਹਨ। ਬੇਰਸਟੋ ਨੇ ਪਹਿਲੇ ਮੈਚ ਵਿਚ ਅਰਧ ਸੈਂਕੜਾ ਲਾਇਆ ਸੀ ਜਦਕਿ ਮਨੀਸ਼ ਪਾਂਡੇ ਨੇ 44 ਗੇਂਦਾਂ ਵਿਚ 61 ਦੌੜਾਂ ਦਾ ਯੋਗਦਾਨ ਦਿੱਤਾ। ਕੇਨ ਵਿਲੀਅਮਸਨ ਦਾ ਇਸ ਮੈਚ ਵਿਚ ਵੀ ਖੇਡਣਾ ਸੰਭਵ ਨਹੀਂ ਹੈ ਕਿਉਂਕਿ ਕੋਚ ਟ੍ਰੇਵਰ ਬੇਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਿੱਟ ਹੋਣ ਵਿਚ ਸਮਾਂ ਲੱਗੇਗਾ। ਭੁਵਨੇਸ਼ਵਰ ਕੁਮਾਰ ਨੇ ਕੇਕੇਆਰ ਖ਼ਿਲਾਫ਼ ਕਾਫੀ ਦੌੜਾਂ ਦਿੱਤੀਆਂ ਪਰ ਉਹ ਜ਼ਿਆਦਾ ਸਮਾਂ ਖ਼ਰਾਬ ਲੈਅ ਵਿਚ ਰਹਿਣ ਵਾਲੇ ਗੇਂਦਬਾਜ਼ਾਂ ਵਿਚੋਂ ਨਹੀਂ ਹਨ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਰਾਇਲ ਚੈਲੰਜਰਜ਼ ਬੈਂਗਲੁਰੂ :

ਵਿਰਾਟ ਕੋਹਲੀ (ਕਪਤਾਨ), ਦੇਵਦੱਤ ਪਡੀਕਲ, ਫਿਨ ਏਲੇਨ, ਏਬੀ ਡਿਵੀਲੀਅਰਜ਼, ਪਵਨ ਦੇਸ਼ਪਾਂਡੇ, ਵਾਸ਼ਿੰਗਟਨ ਸੁੰਦਰ, ਡੇਨੀਅਲ ਸੈਮਜ਼, ਯੁਜਵਿੰਦਰ ਸਿੰਘ ਚਹਿਲ, ਐਡਮ ਜ਼ਾਂਪਾ, ਸ਼ਾਹਬਾਜ਼ ਅਹਿਮਦ, ਮੁਹੰਮਦ ਸਿਰਾਜ, ਨਵਦੀਪ ਸੈਣੀ, ਕੇਨ ਰਿਚਰਡਸਨ, ਹਰਸ਼ਲ ਪਟੇਲ, ਗਲੇਨ ਮੈਕਸਵੈਲ, ਸਚਿਨ ਬੇਬੀ, ਰਜਤ ਪਾਟੀਦਾਰ, ਮੁਹੰਮਦ ਅਜ਼ਹਰੂਦੀਨ, ਕਾਇਲ ਜੇਮੀਸਨ, ਕੇਨ ਕ੍ਰਿਸ਼ਚੀਅਨ, ਸੁਯਸ਼ ਪ੍ਰਭੂਦੇਸਾਈ, ਕੇਐੱਸ ਭਰਤ।

ਸਨਰਾਈਜਰਜ਼ ਹੈਦਰਾਬਾਦ :

ਡੇਵਿਡ ਵਾਰਨਰ (ਕਪਤਾਨ), ਕੇਨ ਵਿਲੀਅਮਸਨ, ਵਿਰਾਟ ਸਿੰਘ, ਮਨੀਸ਼ ਪਾਂਡੇ, ਪਿ੍ਰਅਮ ਗਰਗ, ਰਿੱਧੀਮਾਨ ਸਾਹਾ, ਜਾਨੀ ਬੇਰਸਟੋ, ਜੇਸਨ ਰਾਏ, ਸ਼੍ਰੀਵਤਸ ਗੋਸਵਾਮੀ, ਵਿਜੇ ਸ਼ੰਕਰ, ਮੁਹੰਮਦ ਸ਼ਮੀ, ਕੇਦਾਰ ਜਾਧਵ, ਜੇ ਸੁਚਿਤ, ਜੇਸਨ ਹੋਲਡਰ, ਅਭਿਸ਼ੇਕ ਸ਼ਰਮਾ, ਅਬਦੁਲ ਸਮਦ, ਭੁਵਨੇਸ਼ਵਰ ਕੁਮਾਰ, ਰਾਸ਼ਿਦ ਖ਼ਾਨ, ਟੀ ਨਟਰਾਜਨ, ਸੰਦੀਪ ਸ਼ਰਮਾ, ਖਲੀਲ ਅਹਿਮਦ, ਸਿਧਾਰਥ ਕੌਲ, ਬਾਸਿਲ ਥੰਪੀ, ਸ਼ਾਹਬਾਜ਼ ਨਦੀਮ ਤੇ ਮੁਜੀਬ ਉਮਰ ਰਹਿਮਾਨ