ਬੈਂਗਲੁਰੂ (ਪੀਟੀਆਈ) : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦਾ ਇਰਾਦਾ ਐਤਵਾਰ ਨੂੰ ਘਰੇਲੂ ਮੈਦਾਨ 'ਤੇ ਆਈਪੀਐੱਲ ਦੇ ਆਪਣੇ ਪਹਿਲੇ ਮੈਚ ਵਿਚ ਮੁੰਬਈ ਇੰਡੀਅਨਜ਼ 'ਤੇ ਦਬਦਬਾ ਕਾਇਮ ਰੱਖਣ ਦਾ ਹੋਵੇਗਾ।

ਆਈਪੀਐੱਲ 2020 ਤੋਂ ਬਾਅਦ ਤੋਂ ਆਰਸੀਬੀ ਨੇ ਮੁੰਬਈ ਖ਼ਿਲਾਫ਼ ਪੰਜ 'ਚੋਂ ਤਿੰਨ ਮੈਚ ਜਿੱਤੇ ਹਨ। ਹੁਣ ਤਕ ਆਈਪੀਐੱਲ ਨਹੀਂ ਜਿੱਤ ਸਕੀ ਆਰਸੀਬੀ ਐੱਮ ਚਿੰਨਾਸਵਾਮੀ ਸਟੇਡੀਅਮ 'ਤੇ ਜਿੱਤ ਨਾਲ ਸ਼ੁਰੂਆਤ ਕਰ ਕੇ ਘਰੇਲੂ ਦਰਸ਼ਕਾਂ ਨੂੰ ਮੁਸਕਰਾਉਣ ਦੇ ਮੌਕੇ ਜ਼ਰੂਰ ਦੇਣਾ ਚਾਹੇਗੀ। ਦੇਖਣਾ ਦਿਲਚਸਪ ਹੋਵੇਗਾ ਕਿ ਰਜਤ ਪਾਟੀਦਾਰ ਤੇ ਜੋਸ਼ ਹੇਜ਼ਲਵੁਡ ਵਰਗੇ ਖਿਡਾਰੀਆਂ ਤੋਂ ਬਿਨਾਂ ਆਰਸੀਬੀ ਦਾ ਪ੍ਰਦਰਸ਼ਨ ਕਿਹੋ ਜਿਹਾ ਰਹਿੰਦਾ ਹੈ ਕਿਉਂਕਿ ਦੋਵੇਂ ਸੱਟਾਂ ਕਾਰਨ ਪਹਿਲੇ ਅੱਧ ਵਿਚ ਨਹੀਂ ਖੇਡ ਸਕਣਗੇ। ਆਸਟ੍ਰੇਲੀਆ ਦੇ ਗਲੇਨ ਮੈਕਸਵੈਲ ਵੀ ਪਹਿਲੇ ਮੈਚ ਵਿਚ ਉਪਲੱਬਧ ਨਹੀਂ ਹਨ। ਆਰਸੀਬੀ ਨੂੰ ਸ੍ਰੀਲੰਕਾ ਦੇ ਸਪਿੰਨਰ ਵਾਨਿੰਦੂ ਹਸਰੰਗਾ ਦੀ ਵੀ ਉਡੀਕ ਕਰਨੀ ਪਵੇਗੀ ਜੋ ਰਾਸ਼ਟਰੀ ਟੀਮ ਲਈ ਖੇਡਣ ਨਿਊਜ਼ੀਲੈਂਡ ਵਿਚ ਹਨ। ਨਿਊਜ਼ੀਲੈਂਡ ਦੇ ਮਾਈਕਲ ਬ੍ਰੇਸਵੇਲ ਦੇ ਰੂਪ ਵਿਚ ਹਾਲਾਂਕਿ ਆਰਸੀਬੀ ਨੂੰ ਹੇਠਲੇ ਨੰਬਰ 'ਤੇ ਹਮਲਾਵਰ ਬੱਲੇਬਾਜ਼ ਮਿਲਿਆ ਹੈ। ਦਿਨੇਸ਼ ਕਾਰਤਿਕ ਵੀ ਉਪਯੋਗੀ ਦੌੜਾਂ ਬਣਾਉਣ ਵਿਚ ਮਾਹਿਰ ਹਨ।

ਸਿਖਰਲੇ ਨੰਬਰ ਵਿਚ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਕਪਤਾਨ ਫਾਫ ਡੁਪਲੇਸਿਸ ਤੇ ਸਾਬਕਾ ਕਪਤਾਨ ਵਿਰਾਟ ਕੋਹਲੀ 'ਤੇ ਹੋਵੇਗੀ। ਗੇਂਦਬਾਜ਼ੀ ਵਿਚ ਹਰਸ਼ਲ ਪਟੇਲ ਤੇ ਮੁਹੰਮਦ ਸਿਰਾਜ ਜਿੰਮੇਵਾਰੀ ਸੰਭਾਲਣਗੇ। ਮੁੰਬਈ ਇੰਡੀਅਨਜ਼ ਪਿਛਲੇ ਆਈਪੀਐੱਲ ਵਿਚ 14 ਵਿਚੋਂ ਚਾਰ ਮੈਚ ਜਿੱਤ ਕੇ ਆਖ਼ਰੀ ਸਥਾਨ 'ਤੇ ਰਹੀ ਸੀ। ਆਈਪੀਐੱਲ ਦੇ ਇਤਿਹਾਸ ਦੀ ਸਭ ਤੋਂ ਕਾਮਯਾਬ ਟੀਮ ਤੇ ਪੰਜ ਵਾਰ ਦੀ ਜੇਤੂ ਮੁੰਬਈ ਦਾ ਟੀਚਾ ਉਸ ਪ੍ਰਦਰਸ਼ਨ ਨੂੰ ਭੁਲਾ ਕੇ ਅੱਗੇ ਵਧਣ ਦਾ ਹੋਵੇਗਾ। ਤੇਜ਼ ਗੇਂਦਬਾਜ਼ ਜਸਪ੍ਰਰੀਤ ਬੁਮਰਾਹ ਤੇ ਝਾਇ ਰਿਚਰਡਸਨ ਸੱਟ ਕਾਰਨ ਬਾਹਰ ਹਨ। ਇਸ ਕਾਰਨ ਟੀਮ ਦੀਆਂ ਉਮੀਦਾਂ ਇੰਗਲੈਂਡ ਦੇ ਜੋਫਰਾ ਆਰਚਰ 'ਤੇ ਲੱਗੀਆਂ ਹਨ ਜੋ ਜੇਸਨ ਬੇਹਰੇਨਡਾਰਫ ਤੇ ਆਕਾਸ਼ ਮਢਵਾਲ ਦੇ ਨਾਲ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਸੰਭਾਲਣਗੇ। ਕਪਤਾਨ ਰੋਹਿਤ ਸ਼ਰਮਾ ਤੇ ਤਜਰਬੇਕਾਰ ਸੂਰਿਆ ਕੁਮਾਰ ਯਾਦਵ 'ਤੇ ਦੌੜਾਂ ਬਣਾਉਣ ਦੀ ਜ਼ਿੰਮੇਵਾਰੀ ਹੋਵੇਗੀ। ਇਸ਼ਾਨ ਕਿਸ਼ਨ ਤੋਂਪਾਰੀ ਦੇ ਸੂਤਰਧਾਰ ਦੀ ਭੂਮਿਕਾ ਨਿਭਾਉਣ ਦੀ ਉਮੀਦ ਹੋਵੇਗੀ।