ਨਵੀਂ ਦਿੱਲੀ (ਜੇਐੱਨਐੱਨ) : ਪਹਿਲਾਂ ਮੈਨ ਆਫ ਦ ਮੈਚ ਰਹੇ ਯੁਜਵਿੰਦਰ ਸਿੰਘ ਚਹਿਲ ਦੀ ਸਪਿੰਨ ਗੇਂਦਬਾਜ਼ੀ ਨੇ ਰਾਜਸਥਾਨ ਰਾਇਲਜ਼ ਨੂੰ ਵੱਡਾ ਸਕੋਰ ਬਣਾਉਣ ਤੋਂ ਰੋਕ ਦਿੱਤਾ ਤੇ ਇਸ ਤੋਂ ਬਾਅਦ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਨੇ ਨੌਜਵਾਨ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ (63) ਤੇ ਕਪਤਾਨ ਵਿਰਾਟ ਕੋਹਲੀ (ਅਜੇਤੂ 72) ਦੀ ਬਦੌਲਤ ਸੌਖੀ ਜਿੱਤ ਹਾਸਲ ਕਰ ਲਈ। ਚਹਿਲ ਨੇ ਸੰਜੂ ਸੈਮਸਨ, ਰਾਬਿਨ ਉਥੱਪਾ ਤੇ ਮਹੀਪਾਲ ਲੋਮਰੋਰ ਦੀਆਂ ਕੀਮਤੀ ਵਿਕਟਾਂ ਲਈਆਂ।

ਪਡੀਕਲ ਨੇ ਆਪਣੇ ਆਈਪੀਐੱਲ ਕਰੀਅਰ ਦੇ ਚੌਥੇ ਮੈਚ ਵਿਚ ਹੀ ਤੀਜਾ ਅਰਧ ਸੈਂਕੜਾ ਲਾ ਕੇ ਖ਼ੁਦ ਨੂੰ ਸਾਬਤ ਕਰ ਦਿੱਤਾ। ਇਹੀ ਕਾਰਨ ਸੀ ਕਿ ਸ਼ਨਿਚਰਵਾਰ ਨੂੰ 155 ਦੌੜਾਂ ਦਾ ਟੀਚਾ ਹਾਸਲ ਕਰਨ ਵਿਚ ਆਰਸੀਬੀ ਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ। ਆਰਸੀਬੀ ਨੇ ਇਹ ਮੁਕਾਬਲਾ ਅੱਠ ਵਿਕਟਾਂ ਨਾਲ ਜਿੱਤਿਆ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰਾਜਸਥਾਨ ਰਾਇਲਜ਼ ਦੇ ਵੱਡੇ ਨਾਂ ਨਾਕਾਮ ਸਾਬਤ ਹੋਏ ਜੋਸ ਬਟਲਰ (22), ਸਟੀਵ ਸਮਿਥ (05) ਤੇ ਸੰਜੂ ਸੈਮਸਨ (04) ਕੁਝ ਖ਼ਾਸ ਨਾ ਕਰ ਸਕੇ। ਪਹਿਲਾ ਮੈਚ ਖੇਡ ਰਹੇ ਮਹੀਪਾਲ ਲੋਮਰੋਰ (47) ਨੇ ਕੁਝ ਵਧੀਆ ਸ਼ਾਟ ਖੇਡੇ ਤੇ ਪਾਰੀ ਦੇ ਅੰਤ ਵਿਚ ਰਾਹੁਲ ਤੇਵਤੀਆ ਨੇ ਤੇਜ਼ 24 ਦੌੜਾਂ ਬਣਾਈਆਂ ਜਿਸ ਕਾਰਨ ਰਾਜਸਥਾਨ ਦੀ ਟੀਮ 154 ਦੌੜਾਂ ਤਕ ਪੁੱਜ ਸਕੀ।

Posted By: Sunil Thapa