ਜੇਐੱਨਐੱਨ, ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਤੇ ਪਰਿਵਾਰਕ ਮਿੱਤਰਾਂ ਨਾਲ ਇਕ ਕਾਰ 'ਚ ਜਾਂਦੇ ਸਮੇਂ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਸੀ। ਜਡੇਜਾ ਕਾਰ ਚਲਾ ਰਹੇ ਸਨ, ਉਨ੍ਹਾਂ ਦੇ ਮੂੰਹ 'ਤੇ ਮਾਸਕ ਸੀ ਪਰ ਪਤਨੀ ਰਿਵਾਬਾ ਨੇ ਮਾਸਕ ਨਹੀਂ ਪਾ ਰੱਖਿਆ ਸੀ। ਇਸ ਗੱਲ ਨੂੰ ਲੈ ਕੇ ਉਨ੍ਹਾਂ ਦੀ ਮਹਿਲਾ ਪੁਲਿਸ ਕਾਂਸਟੇਬਲ ਨਾਲ ਜਬਰਦਸਤ ਬਹਿਸ ਹੋ ਗਈ। ਇਸ ਦੌਰਾਨ ਰਿਵਾਬਾ ਦਾ ਬਲੱਡ ਪ੍ਰੈਸ਼ਰ ਵੱਧ ਗਿਆ, ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ।

ਕ੍ਰਿਕਟਰ ਰਵਿੰਦਰ ਜਡੇਜਾ ਪਤਨੀ ਰਿਵਾਬਾ ਤੇ ਤਿੰਨ ਹੋਰ ਮਿੱਤਰਾਂ ਨਾਲ ਕਾਰ 'ਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਰਾਜਕੋਟ ਦੇ ਕਿਸ਼ਨਪੁਰਾ ਚੌਕ 'ਤੇ ਮਹਿਲਾ ਪੁਲਿਸ ਮੁਲਾਜ਼ਮ ਸੋਨਲ ਗਣੇਸ਼ਵਰੀ ਨੇ ਉਨ੍ਹਾਂ ਨੂੰ ਰੋਕ ਕੇ ਮਾਸਕ ਨਾ ਪਾਉਣ ਲਈ ਜ਼ੁਰਮਾਨਾ ਭਰਨ ਨੂੰ ਕਿਹਾ ਤਾਂ ਰਿਵਾਬਾ ਭੜਕ ਗਈ ਤੇ ਮਹਿਲਾ ਪੁਲਿਸ ਮੁਲਾਜ਼ਮ ਨਾਲ ਬਹਿਸ ਕਰਨ ਲੱਗੀ। ਇਸ ਬਹਿਸ ਦੌਰਾਨ ਬਲੱਡ ਪ੍ਰੈਸ਼ਰ ਵਧ ਗਿਆ ਤੇ ਉਹ ਬੇਹੋਸ਼ ਹੋ ਗਈ। ਇਲਾਜ ਲਈ ਉਨ੍ਹਾਂ ਨੂੰ ਨਜ਼ਦੀਕ ਦੇ ਹਸਪਤਾਲ ਲੈ ਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਹੋਇਆ।

ਰਿਵਾਬਾ ਜਡੇਜਾ ਨੇ ਦੱਸਿਆ ਕਿ ਹੁਣ ਉਹ ਬਿਲਕੁਲ ਸਿਹਤਮੰਦ ਹੈ। ਪੁਲਿਸ ਸੁਪਰਡੈਂਟ ਏ.ਜੇ. ਲਾਠੀਆ ਨੇ ਦੱਸਿਆ ਕਿ ਬਹਿਸ ਦੌਰਾਨ ਰਿਵਾਬਾ ਦਾ ਬਲੱਡ ਪ੍ਰੈਸ਼ਰ ਵੱਧ ਗਿਆ ਸੀ, ਇਸ ਲਈ ਉਨ੍ਹਾਂ ਨੂੰ ਜਲਦ ਹਸਪਤਾਲ ਪਹੁੰਚਾਇਆ ਗਿਆ, ਹੁਣ ਉਹ ਸਿਹਤਮੰਦ ਹਨ। ਪੁਲਿਸ ਨੇ ਇਸ ਦੌਰਾਨ ਉਨ੍ਹਾਂ ਤੋਂ ਜ਼ੁਰਮਾਨਾ ਨਹੀਂ ਵਸੂਲਿਆ ਹੈ ਪਰ ਬਾਕੀ ਕਾਰਵਾਈ ਜਲਦ ਪੂਰੀ ਕੀਤੀ ਜਾਵੇਗੀ।

Posted By: Amita Verma