ਨਵੀਂ ਦਿੱਲੀ, ਆਨਲਾਈਨ ਡੈਸਕ : ਬੀਸੀਸੀਆਈ ਨੇ ਏਸ਼ੀਆ ਕੱਪ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ’ਚ ਬਤੌਰ ਆਲਰਾਊਂਡਰ ਰਵਿੰਦਰ ਜਡੇਜਾ ਤੇ ਹਾਰਦਿਕ ਪਾਂਡੇ ਨੂੰ ਮੌਕਾ ਮਿਲਿਆ ਹੈ। ਰਵਿੰਦਰ ਜਡੇਜਾ ਵੈਸਟਇੰਡੀਜ਼ ਦੌਰੇ ’ਤੇ ਟੀ-20 ਭਾਰਤੀ ਟੀਮ ਦਾ ਵੀ ਹਿੱਸਾ ਸੀ ਪਰ 5 ਮੈਚਾਂ ਦੀ ਟੀ-20 ਸੀਰੀਜ਼ ’ਚ ਸਿਰਫ ਇਕ ਮੈਚ ਖੇਡਿਆ ਸੀ। ਉਹ ਸੱਟ ਕਾਰਨ ਸੀਰੀਜ਼ ਦੇ ਬਾਕੀ ਮੈਚ ਨਹੀਂ ਖੇਡ ਸਕੇ ਪਰ ਜਡੇਜਾ ਇਨ੍ਹੀਂ ਦਿਨੀਂ ਬਿਨਾਂ ਖੇਡੇ ਸੁਰਖੀਆਂ ’ਚ ਹਨ। ਦਰਅਸਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਇੰਡੀਆ ਦੇ ਆਲਰਾਊਂਡਰ ਦੀ ਤਾਰੀਫ਼ ਕਰਦਿਆਂ ਉਸ ਨੂੰ ਪ੍ਰਸ਼ੰਸਾ ਪੱਤਰ ਭੇਜਿਆ ਹੈ। ਇਸ ਗੱਲ ਦੀ ਜਾਣਕਾਰੀ ਖ਼ੁਦ ਜਡੇਜਾ ਨੇ ਸੋਸ਼ਲ ਮੀਡੀਆ ’ਤੇ ਦਿੱਤੀ ਹੈ।

ਦਰਅਸਲ ਰਵਿੰਦਰ ਜਡੇਜਾ ਤੇ ਉਸ ਦੀ ਪਤਨੀ ਨੇ ਆਪਣੀ ਬੇਟੀ ਦੇ 5ਵੇਂ ਜਨਮਦਿਨ ਮੌਕੇ ਪੋਸਟ ਆਫਿਸ ’ਚ 101 ਲੜਕੀਆਂ ਦੇ ਸੁਕੰਨਿਆ ਸਮਿ੍ਰਧੀ ਖਾਤੇ ਖੁਲ੍ਹਵਾਏ ਹਨ। ਇਹ ਕੇਂਦਰ ਸਰਕਾਰ ਦੀ ਸਕੀਮ ਹੈ, ਜਿਸ ਦਾ ਲਾਭ ਸਾਰੀਆਂ ਲੜਕੀਆਂ ਨੂੰ ਮਿਲ ਰਿਹਾ ਹੈ। ਪੀਐੱਮ ਮੋਦੀ ਨੇ ਇਸ ਕੰਮ ਦੀ ਤਾਰੀਫ਼ ਕਰਦਿਆਂ ਹੋਏ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ। ਪੱਤਰ ’ਚ ਲਿਖਿਆ ਗਿਆ ਹੈ ਕਿ ਸਰਕਾਰ, ਸਮਾਜ ਪ੍ਰਤੀ ਤੁਹਾਡੇ ਯਤਨਾਂ ਦੀ ਸ਼ਲਾਘਾ ਕਰਦੀ ਹੈ। ਜ਼ਿਕਰਯੋਗ ਹੈ ਕਿ ਰਵਿੰਦਰ ਜਡੇਜਾ ਨੇ ਕੋਰੋਨਾ ਦੇ ਦੌਰ ਵਿਚ ਵੀ ਲੋਕਾਂ ਦੀ ਬਹੁਤ ਮਦਦ ਕੀਤੀ ਸੀ। ਉਸ ਸਮੇਂ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਤਾਰੀਫ਼ ਕੀਤੀ ਸੀ।

ਵੈਸਟਇੰਡੀਜ਼ ਦੌਰੇ ’ਤੇ ਟੀਮ ਦਾ ਹਿੱਸਾ ਸਨ ਜਡੇਜਾ

ਰਵਿੰਦਰ ਜਡੇਜਾ ਵੈਸਟਇੰਡੀਜ਼ ਦੌਰੇ ’ਤੇ ਟੀਮ ਦਾ ਹਿੱਸਾ ਸਨ ਪਰ ਉਹ ਸੱਟ ਕਾਰਨ ਨਹੀਂ ਖੇਡ ਸਕੇ। ਹਾਲਾਂਕਿ ਉਹ ਵੈਸਟਇੰਡੀਜ਼ ਖਿਲਾਫ ਟੀ-20 ਸੀਰੀਜ਼ ਦੇ ਦੂਜੇ ਮੈਚ ’ਚ ਟੀਮ ਦਾ ਹਿੱਸਾ ਸਨ। ਉਸ ਮੈਚ ’ਚ ਉਸ ਨੇ 27 ਦੌੜਾਂ ਬਣਾਈਆਂ ਜਦਕਿ ਗੇਂਦਬਾਜ਼ੀ ’ਚ 3 ਓਵਰਾਂ ਵਿਚ 16 ਦੌੜਾਂ ਦੇ ਕੇ ਇਕ ਵਿਕਟ ਲਈ। ਹੁਣ ਇਕ ਵਾਰ ਫਿਰ ਉਸ ਨੂੰ ਏਸ਼ੀਆ ਕੱਪ ਵਿਚ ਟੀਮ ’ਚ ਸ਼ਾਮਿਲ ਕੀਤਾ ਗਿਆ ਹੈ। ਉਮੀਦ ਹੈ ਕਿ ਇਸ ਵਾਰ ਟੀਮ ਇੰਡੀਆ ਨੂੰ ਚੈਂਪੀਅਨ ਬਣਾਉਣ ਵਿਚ ਉਸ ਦਾ ਵੱਡਾ ਯੋਗਦਾਨ ਹੋਵੇਗਾ।

Posted By: Harjinder Sodhi