ਲੈਸਟਰਸ਼ਾਇਰ (ਆਈਏਐੱਨਐੱਸ) : ਤਜਰਬੇਕਾਰ ਭਾਰਤੀ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਕੋਵਿਡ ਪਾਜ਼ੇਟਿਵ ਹੋਣ ਕਾਰਨ ਇੰਗਲੈਂਡ ਲਈ ਉਡਾਣ ਭਰਨ ਤੋਂ ਖੁੰਝ ਗਏ ਸਨ ਪਰ ਪਿਛਲੇ ਸਾਲ ਦੀ ਸੀਰੀਜ਼ ਦੇ ਦੁਬਾਰਾ ਤੈਅ ਪੰਜਵੇਂ ਟੈਸਟ ਤੋਂ ਪਹਿਲਾਂ ਵੀਰਵਾਰ ਨੂੰ ਉਹ ਇੱਥੇ ਭਾਰਤੀ ਟੀਮ ਨਾਲ ਜੁੜ ਗਏ। ਹਾਲਾਂਕਿ ਅਸ਼ਵਿਨ ਦੇ ਇੰਗਲੈਂਡ ਪੁੱਜਣ ਬਾਰੇ ਬੀਸੀਸੀਆਈ ਵੱਲੋਂ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਪਰ ਲੈਸਟਰਸ਼ਾਇਰ ਖ਼ਿਲਾਫ਼ ਟੀਮ ਦੇ ਅਭਿਆਸ ਮੈਚ ਦੇ ਪਿਹਲੇ ਦਿਨ ਬੋਰਡ ਦੇ ਅਧਿਕਾਰਕ ਹੈਂਡਲ ਵੱਲੋਂ ਟਵਿੱਟਰ 'ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਨਾਲ ਇਸ ਦੀ ਪੁਸ਼ਟੀ ਹੋਈ।

ਤਸਵੀਰ ਵਿਚ ਅਸ਼ਵਿਨ ਨੂੰ ਲੈਸਟਰਸ਼ਾਇਰ ਕਾਊਂਟੀ ਕਲੱਬ ਮੈਦਾਨ 'ਚ ਹੋਰ ਖਿਡਾਰੀਆਂ ਨਾਲ ਟੀਮ ਵਿਚ ਦੇਖਿਆ ਗਿਆ। ਇਸ ਤੋਂ ਪਹਿਲਾਂ ਇਹ ਆਫ ਸਪਿੰਨਰ 16 ਜੂਨ ਨੂੰ ਕੋਵਿਡ ਪਾਜ਼ੇਟਿਵ ਹੋਣ ਕਾਰਨ ਮੁੰਬਈ ਤੋਂ ਹੋਰ ਮੈਂਬਰਾਂ ਦੇ ਨਾਲ ਉਡਾਣ ਭਰਨ ਵਿਚ ਨਾਕਾਮ ਰਿਹਾ ਸੀ। ਇਸ ਕਾਰਨ ਜਯੰਤ ਯਾਦਵ ਨੂੰ ਸਟੈਂਡਬਾਈ ਦੇ ਰੂਪ ਵਿਚ ਰੱਖਿਆ ਗਿਆ ਸੀ ਪਰ ਅਸ਼ਵਿਨ ਵਾਇਰਸ ਤੋਂ ਠੀਕ ਹੋ ਗਏ ਤੇ ਹੁਣ ਟੀਮ ਵਿਚ ਸ਼ਾਮਲ ਹੋ ਗਏ ਹਨ।

Posted By: Gurinder Singh