ਮੁੰਬਈ (ਏਜੰਸੀ) : ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਇਕ ਵਾਰ ਮੁੜ ਆਪਣੀਆਂ ਯਾਦਾਂ ਦਾ ਪਿਟਾਰਾ ਖੋਲਿ੍ਆ ਹੈ ਤੇ ਇਸ ਵਾਰ ਰਣਜੀ ਟਰਾਫੀ ਦੇ ਦਿੱਗਜ ਬੱਲੇਬਾਜ਼ ਅਮੋਲ ਮਜੂਮਦਾਰ ਦੀ ਤਸਵੀਰ ਕੱਢੀ ਹੈ। ਸ਼ਾਸਤਰੀ ਨੇ ਸ਼ੁੱਕਰਵਾਰ ਨੂੰ ਮਜੂਮਦਾਰ ਨਾਲ ਆਪਣੀ ਇਕ ਪੁਰਾਣੀ ਤਸਵੀਰ ਸ਼ੇਅਰ ਕੀਤੀ ਤੇ ਲਿਖਿਆ ਹੈ ਕਿ ਮਜੂਮਦਾਰ ਦਾ ਅੰਤਰਰਾਸ਼ਟਰੀ ਪੱਧਰ'ਤੇ ਟੈਸਟ ਨਾ ਖੇਡਣਾ ਭਾਰਤ ਦਾ ਨੁਕਸਾਨ ਸੀ। 57 ਸਾਲਾ ਸ਼ਾਸਤਰੀ ਨੇ ਫੋਟੋ ਟਵੀਟ ਕਰ ਕੇ ਲਿਖਿਆ ਕਿ ਰਣਜੀ ਟਰਾਫੀ ਦੇ ਦਿੱਗਜ ਖਿਡਾਰੀ ਦੇ ਨਾਲ ਇਕ ਫੋਟੋ-ਅਮੂਲ ਮਜੂਮਦਾਰ। ਮੇਰੇ ਆਖ਼ਰੀ ਸੈਸ਼ਨ ਉਨ੍ਹਾਂ ਦਾ ਪਹਿਲਾ ਸੈਸ਼ਨ ਸੀ। ਮੈਨੂੰ ਹੁਣ ਵੀ ਲਗਦਾ ਹੈ ਕਿ ਮਜੂਮਦਾਰ ਦਾ ਟੈਸਟ ਕ੍ਰਿਕਟ ਨਾ ਖੇਡਣਾ ਭਾਰਤ ਦਾ ਨੁਕਸਾਨ ਸੀ। ਮਜੂਮਦਾਰ ਦਾ ਘਰੇਲੂ ਕ੍ਰਿਕਟ ਦਾ ਸਫ਼ਰ ਸ਼ਾਨਦਾਰ ਰਿਹਾ ਹੈ। 20 ਸਾਲ ਦੀ ਆਪਣੀ ਪਹਿਲਾ ਦਰਜਾ ਕ੍ਰਿਕਟ ਵਿਚ ਉਨ੍ਹਾਂ ਨੇ 11,000 ਦੌੜਾਂ ਬਣਾਈਆਂ ਹਨ ਜਿਸ ਵਿਚ 30 ਸੈਂਕੜੇ ਸ਼ਾਮਲ ਹਨ। ਅਮੋਲ ਨੇ ਵੀ ਇਸ ਤਸਵੀਰ 'ਤੇ ਰੀਟਵੀਟ ਕਰਦੇ ਹੋਏ ਆਪਣਾ ਜਵਾਬ ਦਿੱਤਾ ਤੇ ਸ਼ਾਸਤਰੀ ਨੂੰ ਆਪਣਾ ਹੀਰੋ ਦੱਸਿਆ।