ਨਵੀਂ ਦਿੱਲੀ : ਹਾਰਦਿਕ ਪਾਂਡਿਆ ਤੇ ਲੋਕੇਸ਼ ਰਾਹੁਲ ਦੀ ਟੀਵੀ ਸ਼ੋਅ 'ਤੇ ਮਹਿਲਾਵਾਂ ਖ਼ਿਲਾਫ਼ ਕੀਤੀ ਗਈ ਟਿੱਪਣੀ ਦਾ ਜ਼ਿਕਰ ਕਰਦੇ ਹੋਏ ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਝਾੜ ਪਾਏ ਜਾਣ ਦੀ ਲੋੜ ਸੀ। ਦੋਵਾਂ ਨੇ ਛੇ ਜਨਵਰੀ ਨੂੰ ਇਕ ਚੈਟ ਸ਼ੋਅ ਵਿਚ ਮਹਿਲਾ ਵਿਰੋਧੀ ਟਿੱਪਣੀ ਕੀਤੀ ਸੀ। ਸ਼ਾਸਤਰੀ ਨੇ ਇਕ ਅੰਗਰੇਜ਼ੀ ਨਿਊਜ਼ ਚੈਨਲ ਨੂੰ ਕਿਹਾ ਕਿ ਪਾਂਡਿਆ ਤੇ ਰਾਹੁਲ ਨੂੰ ਝਾੜ ਪਾਏ ਜਾਣ ਦੀ ਲੋੜ। ਜੋ ਕੁਝ ਵੀ ਹੋਇਆ ਉਸ ਨਾਲ ਉਨ੍ਹਾਂ ਨੇ ਸਬਕ ਸਿੱਖਿਆ ਹੋਵੇਗਾ, ਜੋ ਚੰਗਾ ਹੈ। ਤੁਸੀਂ ਗ਼ਲਤੀਆਂ ਕਰ ਬੈਠਦੇ ਹੋ ਤੇ ਕਦੀ ਕਦੀ ਤੁਹਾਨੂੰ ਸਜ਼ਾ ਵੀ ਮਿਲਦੀ ਹੈ ਪਰ ਦੁਨੀਆ ਇੱਥੇ ਸਮਾਪਤ ਨਹੀਂ ਹੋ ਜਾਂਦੀ। ਅਜਿਹੇ ਤਜਰਬੇ ਨਾਲ ਖਿਡਾਰੀਆਂ ਨੂੰ ਮਜ਼ਬੂਤ ਵਾਪਸੀ ਕਰਨ ਵਿਚ ਮਦਦ ਮਿਲਦੀ ਹੈ। ਜ਼ਿਕਰਯੋਗ ਹੈ ਕਿ ਇਸ ਵਿਵਾਦ ਦੇ ਸਾਹਮਣੇ ਆਉਣ ਤੋਂ ਬਾਅਦ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ ਆਸਟ੍ਰੇਲੀਆ ਦੌਰੇ ਵਿਚਾਲਿਓਂ ਹੀ ਵਾਪਿਸ ਬੁਲਾ ਲਿਆ ਗਿਆ ਸੀ। ਕੁਝ ਸਮੇਂ ਤਕ ਦੋਵਾਂ 'ਤੇ ਆਰਜ਼ੀ ਪਾਬੰਦੀ ਲੱਗੀ ਰਹੀ ਜਿਸ ਤੋਂ ਬਾਅਦ ਹਾਰਦਿਕ ਨੂੰ ਨਿਊਜ਼ੀਲੈਂਡ ਦੌਰੇ 'ਤੇ ਭਾਰਤੀ ਟੀਮ ਵਿਚ ਥਾਂ ਦਿੱਤੀ ਗਈ ਤੇ ਰਾਹੁਲ ਨੂੰ ਭਾਰਤ ਏ ਵੱਲੋਂ ਖਿਡਾਇਆ ਗਿਆ।