ਮੁੰਬਈ (ਪੀਟੀਆਈ) : ਟੈਸਟ ਮਾਹਰ ਅਜਿੰਕੇ ਰਹਾਣੇ ਤੇ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ਨੂੰ ਬੜੌਦਾ ਖ਼ਿਲਾਫ਼ ਹੋਣ ਵਾਲੇ ਮੁੰਬਈ ਦੇ ਪਹਿਲੇ ਰਣਜੀ ਟਰਾਫੀ ਮੁਕਾਬਲੇ ਲਈ 15 ਮੈਂਬਰੀ ਟੀਮ 'ਚ ਸ਼ਾਮਲ ਕੀਤਾ ਗਿਆ। ਮਿਲਿੰਦ ਰੇਗੇ ਦੀ ਅਗਵਾਈ ਵਾਲੀ ਤਦਰਥ ਚੋਣ ਕਮੇਟੀ ਨੇ ਸੋਮਵਾਰ ਨੂੰ ਹੀ ਟੀਮ ਦੀ ਚੋਣ ਕਰ ਲਈ ਸੀ ਪਰ ਮੁੰਬਈ ਕ੍ਰਿਕਟ ਸੰਗ ਨੇ ਮੰਗਲਵਾਰ ਨੂੰ ਟੀਮ ਦਾ ਐਲਾਨ ਕੀਤਾ।

ਮੁੰਬਈ ਦੀ ਟੀਮ 2019-20 ਰਣਜੀ ਟਰਾਫੀ ਸੈਸ਼ਨ ਦਾ ਆਪਣਾ ਪਹਿਲਾ ਮੈਚ ਨੌਂ ਦਸੰਬਰ ਤੋਂ ਵਡੋਦਰਾ 'ਚ ਬੜੌਦਾ ਖ਼ਿਲਾਫ਼ ਖੇਡੇਗੀ। ਟੀਮ ਦੀ ਕਮਾਨ ਬੱਲੇਬਾਜ਼ ਸੂਰੀਆ ਕੁਮਾਰ ਯਾਦਵ ਨੂੰ ਸੌਂਪੀ ਗਈ ਹੈ ਜਦਕਿ ਤਜਰਬੇਕਾਰ ਵਿਕਟਕੀਪਰ ਆਦਿਤਿਆ ਤਾਰੇ ਉਪ ਕਪਤਾਨ ਹੋਣਗੇ।

ਭਾਰਤ ਦੇ ਟੈਸਟ ਮਾਹਰ ਰਹਾਣੇ ਨੂੰ ਚੰਗਾ ਮੈਚ ਅਭਿਆਸ ਮਿਲੇਗਾ ਕਿਉਂਕਿ ਪੰਜਾਬ ਨੂੰ ਹੁਣ ਟੈਸਟ ਮੈਚ ਦੋ ਮਹੀਨੇ ਬਾਅਦ ਨਿਊਜ਼ੀਲੈਂਡ 'ਚ ਖੇਡਣੇ ਹਨ। ਅੱਠ ਮਹੀਨਿਆਂ ਦੀ ਡੋਪਿੰਗ ਪਾਬੰਦੀ ਤੋਂ ਬਾਅਦ ਸਈਅਦ ਮੁਸ਼ਤਾਕ ਅਲੀ ਟਰਾਫੀ ਦੇ ਲੀਗ ਪੜਾਅ 'ਚ ਵਾਪਸੀ ਕਰਨ ਵਾਲੇ ਪ੍ਰਿਥਵੀ ਲਈ ਵੀ ਇਹ ਮੈਚ ਫਾਰਮ ਹਾਸਲ ਕਰਨ ਦਾ ਚੰਗਾ ਮੌਕਾ ਹੈ। ਸੂਤਰਾਂ ਅਨੁਸਾਰ, ਸਿਧਦੇਸ਼ ਲਾਡ ਇਸ ਮੈਚ ਲਈ ਨਹੀਂ ਆ ਸਕਣਗੇ ਕਿਉਂਕਿ ਸ਼ੁੱਕਰਵਾਰ ਨੂੰ ਉਹ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ।

ਰਣਜੀ ਟਰਾਫੀ 'ਚ ਤਾਮਿਲਨਾਡੂ ਦੀ ਅਗਵਾਈ ਕਰਨਗੇ ਵਿਜੇ ਸ਼ੰਕਰ

ਚੇਨਈ : ਆਲਰਾਊਂਡਰ ਵਿਜੇ ਸ਼ੰਕਰ ਨੂੰ ਨੌਂ ਦਸੰਬਰ ਤੋਂ ਸ਼ੁਰੂ ਹੋਣ ਰਹੇ ਰਣਜੀਤ ਸੈਸ਼ਨ 'ਚ ਤਾਮਿਲਨਾਡੂ ਦੀ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਤਮਿਲਨਾਡੂ ਕ੍ਰਿਕਟ ਸੰਘ ਦੀ ਸੂਬਾ ਚੋਣ ਕਮੇਟੀ ਨੇ ਟੀਮ ਦਾ ਐਲਾਨ ਕੀਤਾ, ਜਿਸ 'ਚ ਰਵੀਚੰਦਰਨ ਅਸ਼ਵਿਨ ਨੂੰ ਜਗ੍ਹਾ ਦਿੱਤੀ ਗਈ ਹੈ ਪਰ ਮੁਰਲੀ ਵਿਜੇ ਬਾਹਰ ਹਨ। ਕਰਨਾਟਕ ਤੇ ਹਿਮਾਚਲ ਪ੍ਰਦੇਸ਼ ਖ਼ਿਲਾਫ਼ ਪਹਿਲੇ ਦੋ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਗਿਆ ਹੈ।