ਪਟਿਆਲਾ (ਜੇਐੱਨਐੱਨ) : ਬੰਗਾਲ ਨੇ ਰਣਜੀ ਮੈਚ ਦੇ ਤੀਜੇ ਦਿਨ ਪੰਜਾਬ ਨੂੰ 48 ਦੌੜਾਂ ਨਾਲ ਮਾਤ ਦੇ ਕੇ ਕੁਆਰਟਰ ਫਾਈਨਲ ਮੁਕਾਬਲੇ 'ਚੋਂ ਬਾਹਰ ਕਰ ਦਿੱਤਾ। ਇਸ ਜਿੱਤ ਨਾਲ ਹੀ ਬੰਗਾਲ ਨੂੰ ਛੇ ਅੰਕ ਮਿਲੇ ਤੇ ਉਹ ਏ, ਬੀ ਗਰੁੱਪ ਦੀ ਅੰਕ ਸੂਚੀ ਵਿਚ 32 ਅੰਕਾਂ ਨਾਲ ਚੋਟੀ 'ਤੇ ਪੁੱਜ ਗਿਆ। ਬੰਗਾਲ ਨੇ ਪਹਿਲੀ ਪਾਰੀ ਵਿਚ 138 ਤੇ ਦੂਜੀ ਪਾਰੀ ਵਿਚ 202 ਦੌੜਾਂ ਬਣਾਈਆਂ ਜਦਕਿ ਪੰਜਾਬ ਦੀ ਟੀਮ ਪਹਿਲੀ ਪਾਰੀ ਵਿਚ 151 ਤੇ ਦੂਜੀ ਪਾਰੀ ਵਿਚ 141 ਦੌੜਾਂ ਹੀ ਬਣਾ ਸਕੀ। ਸਥਾਨਕ ਧਰੁਵ ਪਾਂਡਵ ਸਟੇਡੀਅਮ ਵਿਚ ਸ਼ੁੱਕਰਵਾਰ ਨੂੰ ਬੰਗਾਲ ਦੀ ਟੀਮ ਨੇ ਨੌਂ ਵਿਕਟਾਂ 'ਤੇ 199 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਆਖ਼ਰੀ ਵਿਕਟ ਨੇ ਟੀਮ ਲਈ ਤਿੰਨ ਦੌੜਾਂ ਜੋੜੀਆਂ। ਇਸ ਤਰ੍ਹਾਂ ਬੰਗਾਲ ਨੇ ਦੂਜੀ ਪਾਰੀ ਵਿਚ ਕੁੱਲ 202 ਦੌੜਾਂ ਬਣਾ ਕੇ ਪੰਜਾਬ ਸਾਹਮਣੇ 190 ਦੌੜਾਂ ਦਾ ਟੀਚਾ ਰੱਖਿਆ। ਇਸ ਤੋਂ ਪਹਿਲਾਂ ਪੰਜਾਬ ਨੇ ਪਹਿਲੀ ਪਾਰੀ ਦੇ ਆਧਾਰ 'ਤੇ ਬੰਗਾਲ 'ਤੇ 13 ਦੌੜਾਂ ਦੀ ਲੀਡ ਹਾਸਲ ਕੀਤੀ ਸੀ। ਦੂਜੀ ਪਾਰੀ ਵਿਚ ਪੰਜਾਬ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਦੋਵੇਂ ਸਲਾਮੀ ਬੱਲੇਬਾਜ਼ ਰੋਹਨ ਮਰਵਾਹਾ ਤੇ ਅਭਿਜੀਤ ਸਸਤੇ ਵਿਚ ਪਵੇਲੀਅਨ ਮੁੜ ਗਏ। ਰਮਨਦੀਪ ਸਿੰਘ ਨੇ ਟੀਮ ਲਈ ਅਜੇਤੂ 69 ਦੌੜਾਂ ਜੋੜੀਆਂ ਪਰ ਉਨ੍ਹਾਂ ਦੀ ਇਹ ਪਾਰੀ ਵੀ ਪੰਜਾਬ ਨੂੰ ਜਿੱਤ ਨਵੀਂ ਦਿਵਾ ਸਕੀ। ਉਹ ਇਕ ਪਾਸੇ ਡਟੇ ਰਹੇ ਤੇ ਦੂਜੇ ਪਾਸੇ ਲਗਾਤਾਰ ਵਿਕਟਾਂ ਡਿੱਗਦੀਆਂ ਰਹੀਆਂ। ਰਮਨਦੀਪ ਤੋਂ ਇਲਾਵਾ ਕਪਤਾਨ ਮਨਦੀਪ ਸਿੰਘ ਤੇ ਅਨਮੋਲ ਮਲਹੋਤਰਾ ਨੇ 17-17 ਦੌੜਾਂ ਤੇ ਕ੍ਰਿਸ਼ਣ ਅਲੰਗ ਨੇ 11 ਦੌੜਾਂ ਬਣਾਈਆਂ। ਪੰਜਾਬ ਦੇ ਪੰਜ ਬੱਲੇਬਾਜ਼ ਦਹਾਈ ਦਾ ਅੰਕੜਾ ਵੀ ਛੂਹ ਨਾ ਸਕੇ ਤੇ ਦੋ ਬੱਲੇਬਾਜ਼ ਬਿਨਾਂ ਖਾਤਾ ਖੋਲ੍ਹੇ ਹੀ ਪਵੇਲੀਅਨ ਮੁੜ ਗਏ। ਪੰਜਾਬ ਖ਼ਿਲਾਫ਼ ਪਹਿਲੀ ਪਾਰੀ ਵਿਚ ਸੱਤ ਵਿਕਟਾਂ ਹਾਸਲ ਕਰਨ ਵਾਲੇ ਬੰਗਾਲ ਦੇ ਸਪਿੰਨਰ ਸ਼ਾਹਬਾਜ਼ ਨੇ ਦੂਜੀ ਪਾਰੀ ਵਿਚ ਚਾਰ ਵਿਕਟਾਂ ਹਾਸਲ ਕੀਤੀਆਂ। ਇਨ੍ਹਾਂ ਤੋਂ ਇਲਾਵਾ ਆਕਾਸ਼ਦੀਪ ਨੇ ਦੋ ਤੇ ਨੰਦੀ ਤੇ ਰਮੇਸ਼ ਨੇ ਇਕ-ਇਕ ਵਿਕਟ ਹਾਸਲ ਕੀਤਾ।