ਪਟਿਆਲਾ (ਜੇਐੱਨਐੱਨ) : ਪੰਜਾਬ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਅੱਜ ਬੰਗਾਲ ਦੀ ਟੀਮ 138 ਦੌੜਾਂ 'ਤੇ ਸਿਮਟ ਗਈ। ਹਾਲਤ ਇਹ ਰਹੀ ਕਿ ਪੱਛਮੀ ਬੰਗਾਲ ਦੇ ਪੰਜ ਖਿਡਾਰੀ ਆਪਣਾ ਖਾਤਾ ਖੋਲ੍ਹੇ ਬਿਨਾਂ ਹੀ ਪਵੇਲੀਅਨ ਮੁੜ ਗਏ ਜਦਕਿ ਮਨੋਜ ਤਿਵਾੜੀ ਨੇ ਆਪਣੀ ਟੀਮ ਲਈ 73 ਦੌੜਾਂ ਜੋੜੀਆਂ। ਪੰਜਾਬ ਦੇ ਵਿਨੇ ਚੌਧਰੀ ਨੇ ਬੰਗਾਲ ਦੇ ਛੇ ਖਿਡਾਰੀ ਆਊਟ ਕੀਤੇ। ਜਵਾਬੀ ਪਾਰੀ ਵਿਚ ਪਹਿਲੇ ਦਿਨ ਦੀ ਖੇਡ ਸਮਾਪਤ ਹੋਣ ਤਕ ਪੰਜਾਬ ਨੇ 93 ਦੌੜਾਂ ਬਣਾਉਣ ਵਿਚ ਤਿੰਨ ਵਿਕਟਾਂ ਗੁਆ ਦਿੱਤੀਆਂ। ਬੀਸੀਸੀਆਈ ਦੀ ਦੇਖਰੇਖ 'ਚ ਇੱਥੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਵਿਚ ਚੱਲ ਰਹੇ ਰਣਜੀ ਟਰਾਫੀ ਮੈਚ ਦੌਰਾਨ ਅੱਜ ਪੰਜਾਬ ਤੇ ਬੰਗਾਲ ਦੀਆਂ ਟੀਮਾਂ ਚਾਰ ਦਿਨਾ ਮੈਚ ਵਿਚ ਭਿੜੀਆਂ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੰਗਾਲ ਦੀ ਟੀਮ 138 ਦੌੜਾਂ 'ਤੇ ਸਿਮਟ ਗਈ। ਕੈਪਟਨ ਏਆਰ ਈਸ਼ਵਰਨ ਨਾਲ ਕੌਸ਼ਿਕ ਘੋਸ਼ ਨੇ ਪਾਰੀ ਦੀ ਸ਼ੁਰੂਆਤ ਕੀਤੀ ਤੇ ਈਸ਼ਵਰਨ ਉਸ ਸਮੇਂ ਆਊਟ ਹੋ ਗਏ ਜਦ ਟੀਮ ਦਾ ਕੁੱਲ ਸਕੋਰ ਅੱਠ ਦੌੜਾਂ ਸੀ। ਉਸ ਤੋਂ ਬਾਅਦ ਦੂਜੀ ਵਿਕਟ 21, ਤੀਜੀ 29, ਚੌਥੀ 57, ਪੰਜਵੀਂ, ਛੇਵੀਂ ਤੇ ਸੱਤਵੀਂ 104 ਦੌੜਾਂ 'ਤੇ ਡਿੱਗ ਗਈ। ਉਸ ਤੋਂ ਬਾਅਦ ਪੂਰੀ ਟੀਮ 138 ਦੌੜਾਂ 'ਤੇ ਪਵੇਲੀਅਨ ਮੁੜ ਗਈ। ਪੰਜਾਬ ਦੇ ਗੇਂਦਬਾਜ਼ ਵਿਨੇ ਚੌਧਰੀ ਨੇ 17 ਓਵਰਾਂ ਵਿਚ 54 ਦੌੜਾਂ ਦੇ ਕੇ ਛੇ ਵਿਕਟਾਂ ਹਾਸਲ ਕੀਤੀਆਂ ਜਦਕਿ ਬਲਤੇਜ ਸਿੰਘ ਨੇ 13 ਓਵਰਾਂ ਵਿਚ 16 ਦੌੜਾਂ ਦੇ ਕੇ ਤਿੰਨ ਵਿਕਟਾਂ ਤੇ ਕ੍ਰਿਸ਼ਣ ਨੇ ਅੱਠ ਓਵਰਾਂ ਵਿਚ 32 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤਾ।

ਰੋਹਨ ਤੇ ਮਨਦੀਪ ਮੈਦਾਨ 'ਤੇ

ਪੰਜਾਬ ਦੀ ਬੱਲੇਬਾਜ਼ੀ ਵਿਚ ਰੋਹਨ ਮਰਵਾਹਾ ਨੇ 48 ਤੇ ਟੀਮ ਦੇ ਕਪਤਾਨ ਮਨਦੀਪ ਸਿੰਘ ਨੇ 29 ਦੌੜਾਂ ਦੀ ਪਾਰੀ ਖੇਡੀ ਤੇ ਉਹ ਅਜੇ ਵੀ ਕ੍ਰੀਜ਼ 'ਤੇ ਹਨ। ਅਭਿਜੀਤ ਗਰਗ ਨੇ 14 ਤੇ ਸ਼ਰਦ ਲਾਂਬਾ ਨੇ ਟੀਮ ਲਈ ਇਕ ਦੌੜ ਹੀ ਜੋੜੀ ਤੇ ਸਸਤੇ ਵਿਚ ਆਊਟ ਹੋ ਗਏ। ਬੰਗਾਲ ਦੀ ਗੇਂਦਬਾਜ਼ੀ ਵਿਚ ਆਕਾਸ਼ਦੀਪ ਨੇ 4.2 ਓਵਰਾਂ ਵਿਚ 13 ਦੌੜਾਂ ਦੇ ਕੇ ਇਕ ਵਿਕਟ, ਸ਼ਾਹਬਾਜ਼ ਨੇ 28 ਦੌੜਾਂ ਦੇ ਕੇ ਦੋ ਵਿਕਟਾਂ ਹਾਸਲ ਕੀਤੀਆਂ।

ਮੇਜ਼ਬਾਨ ਟੀਮ ਦੇ ਖਿਡਾਰੀ ਬਿਮਾਰ

ਪੰਜਾਬ ਦੇ ਕਈ ਖਿਡਾਰੀ ਬਿਮਾਰ ਹਨ। ਅਕੁਲ ਪਾਂਡਵ ਪਹਿਲਾਂ ਹੀ ਤਬੀਅਦ ਖ਼ਰਾਬ ਹੋਣ ਕਾਰਨ ਟੀਮ ਵਿਚ ਨਹੀਂ ਚੁਣੇ ਗਏ ਕਿਉਂਕਿ ਉਨ੍ਹਾਂ ਨੂੰ ਗਲੇ ਦਾ ਇਨਫੈਕਸ਼ਨ ਹੋਇਆ ਹੈ। ਉਹ ਪਿਛਲੇ ਤਿੰਨ ਹਫ਼ਤੇ ਤੋਂ ਵੀ ਜ਼ਿਆਦਾ ਸਮੇਂ ਤੋਂ ਇਨਫੈਕਸ਼ਨ ਨਾਲ ਜੂਝ ਰਹੇ ਹਨ। ਇਸੇ ਤਰ੍ਹਾਂ ਮਯੰਕ ਮਾਰਕੰਡੇ ਤੇ ਗੁਰਕੀਰਤ ਮਾਨ ਵੀ ਬਿਮਾਰ ਹੋਣ ਕਾਰਨ ਟੀਮ 'ਚੋਂ ਬਾਹਰ ਹੋ ਗਏ ਹਨ ਜਦਕਿ ਇਨ੍ਹਾਂ ਦੋਵਾਂ ਖਿਡਾਰੀਆਂ ਦੀ ਥਾਂ 'ਤੇ ਆਰੁਸ਼ ਸੱਭਰਵਾਲ ਦੇ ਨਾਲ ਰਘੂ ਸ਼ਰਮਾ ਨੂੰ ਅੱਜ ਮੈਚ ਖਿਡਾਇਆ ਗਿਆ।