ਲੈਸਟਰ (ਪੀਟੀਆਈ) : ਭਾਰਤ ਦੇ ਸਟਾਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਨੇ ਕਿਹਾ ਹੈ ਕਿ ਰਣਜੀ ਟਰਾਫੀ ਤੇ ਕਾਊਂਟੀ ਚੈਂਪੀਅਨਸ਼ਿਪ ਵਿਚ ਪਹਿਲਾ ਦਰਜਾ ਕ੍ਰਿਕਟ 'ਚ ਖੇਡਣ ਨਾਲ ਉਨ੍ਹਾਂ ਨੂੰ ਆਪਣੀ ਲੈਅ ਤੇ ਰਾਸ਼ਟਰੀ ਟੀਮ ਵਿਚ ਵਾਪਸੀ ਕਰਨ ਵਿਚ ਮਦਦ ਮਿਲੀ। 34 ਸਾਲਾ ਪੁਜਾਰਾ ਨੂੰ ਇਸ ਸਾਲ ਦੇ ਸ਼ੁਰੂ ਵਿਚ ਸ੍ਰੀਲੰਕਾ ਖ਼ਿਲਾਫ਼ ਭਾਰਤ ਦੀ ਘਰੇਲੂ ਟੈਸਟ ਸੀਰੀਜ਼ ਲਈ ਟੀਮ ਵਿਚ ਨਹੀਂ ਚੁਣਿਆ ਗਿਆ ਸੀ। ਸਸੈਕਸ ਵੱਲੋਂ ਪੰਜ ਮੈਚਾਂ ਵਿਚ 120 ਦੀ ਅੌਸਤ ਨਾਲ 720 ਦੌੜਾਂ ਬਣਾਉਣ ਤੋਂ ਬਾਅਦ ਉਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਪੰਜਵੇਂ ਟੈਸਟ ਲਈ ਮੁੜ ਰਾਸ਼ਟਰੀ ਟੀਮ ਵਿਚ ਚੁਣਿਆ ਗਿਆ।

ਪੁਜਾਰਾ ਨੇ ਰਣਜੀ ਟਰਾਫੀ ਵਿਚ ਮੁੰਬਈ ਖ਼ਿਲਾਫ਼ 83 ਗੇਂਦਾਂ ਵਿਚ 91 ਦੌੜਾਂ ਦੀ ਪਾਰੀ ਖੇਡੀ ਸੀ। ਉਨ੍ਹਾਂ ਨੇ ਦੂਜੀ ਡਵੀਜ਼ਨ ਦੀ ਕਾਊਂਟੀ ਚੈਂਪੀਅਨਸ਼ਿਪ ਵਿਚ ਸਸੈਕਸ ਲਈ ਦੋ ਦੋਹਰੇ ਸੈਂਕੜਿਆਂ ਸਮੇਤ ਚਾਰ ਸੈਂਕੜੇ ਲਾਏ। ਪੁਜਾਰਾ ਨੇ ਕਿਹਾ ਕਿ ਮੇਰੇ ਲਈ ਇਹ ਵੱਧ ਤੋਂ ਵੱਧ ਪਹਿਲਾ ਦਰਜਾ ਮੈਚਾਂ ਵਿਚ ਖੇਡਣ ਨਾਲ ਜੁੜਿਆ ਸੀ। ਇਹ ਤਜਰਬਾ ਮਹੱਤਵਪੂਰਨ ਸੀ। ਜਦ ਤੁਸੀਂ ਲੈਅ ਵਿਚ ਵਾਪਸੀ ਕਰਨਾ ਚਾਹੁੰਦੇ ਹੋ, ਜਦ ਤੁਸੀਂ ਆਪਣੀ ਲੈਅ ਹਾਸਲ ਕਰਨਾ ਚਾਹੁੰਦੇ ਹੋ, ਜਦ ਤੁਹਾਡੇ ਕੋਲ ਉਹ ਇਕਾਗਰਤਾ ਨਾ ਹੋਵੇ ਤਾਂ ਕੁਝ ਲੰਬੀਆਂ ਪਾਰੀਆਂ ਖੇਡਣਾ ਮਹੱਤਵਪੂਰਨ ਹੁੰਦਾ ਹੈ। ਇਸ ਲਈ ਜਦ ਮੈਂ ਸਸੈਕਸ ਲਈ ਖੇਡ ਰਿਹਾ ਸੀ ਤਾਂ ਅਜਿਹਾ ਕਰ ਸਕਦਾ ਸੀ। ਜਦ ਮੈਂ ਡਰਬੀਸ਼ਾਇਰ ਖ਼ਿਲਾਫ਼ ਆਪਣੀ ਪਹਿਲੀ ਵੱਡੀ ਪਾਰੀ ਖੇਡੀ ਤਦ ਮੈਨੂੰ ਲੱਗਾ ਕਿ ਮੈਂ ਆਪਣੀ ਲੈਅ ਹਾਸਲ ਕਰ ਲਈ ਹੈ। ਮੇਰੀ ਇਕਾਗਰਤਾ ਤੇ ਸਭ ਕੁਝ ਠੀਕ ਚੱਲ ਰਿਹਾ ਸੀ। ਮੈਂ ਸਸੈਕਸ ਨਾਲ ਬਹੁਤ ਚੰਗਾ ਸਮਾਂ ਬਿਤਾਇਆ।

ਪੁਜਾਰਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਊਂਟੀ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਦਾ ਯਕੀਨ ਸੀ ਕਿਉਂਕਿ ਉਹ ਪਹਿਲਾਂ ਤੋਂ ਹੀ ਰਣਜੀ ਟਰਾਫੀ ਵਿਚ ਚੰਗੀ ਲੈਅ ਵਿਚ ਸਨ। ਉਨ੍ਹਾਂ ਨੇ ਕਿਹਾ ਕਿ ਮੈਂ ਰਣਜੀ ਟਰਾਫੀ ਵਿਚ ਸੌਰਾਸ਼ਟਰ ਲਈ ਤਿੰਨ ਮੈਚ ਖੇਡੇ। ਉਥੇ ਵੀ ਮੈਨੂੰ ਲੈਅ ਹਾਸ ਕਰਨ ਵਿਚ ਮਦਦ ਮਿਲੀ। ਮੈਨੂੰ ਪਤਾ ਸੀ ਕਿ ਮੈਂ ਚੰਗੀ ਬੱਲੇਬਾਜ਼ੀ ਕਰ ਰਿਹਾ ਹਾਂ।

Posted By: Gurinder Singh