ਨਵੀਂ ਦਿੱਲੀ (ਪੀਟੀਆਈ) : ਸਾਬਕਾ ਸਪਿੰਨਰ ਰਮੇਸ਼ ਪਵਾਰ ਨੂੰ ਵੀਰਵਾਰ ਨੂੰ ਡਬਲਯੂਵੀ ਰਮਨ ਦੀ ਥਾਂ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ। ਪੋਵਾਰ ਇਸ ਤੋਂ ਪਹਿਲਾਂ ਵੀ ਟੀਮ ਦੇ ਨਾਲ ਇਹ ਭੂਮਿਕਾ ਨਿਭਾਅ ਚੁੱਕੇ ਹਨ। ਉਨ੍ਹਾਂ ਨੂੰ ਹਾਲਾਂਕਿ 2018 ਟੀ-20 ਵਿਸ਼ਵ ਕੱਪ ਤੋਂ ਬਾਅਦ ਸੀਨੀਅਰ ਖਿਡਾਰਨ ਮਿਤਾਲੀ ਰਾਜ ਨਾਲ ਵਿਵਾਦ ਤੋਂ ਬਾਅਦ ਮੁਅੱਤਲ ਕਰ ਦਿੱਤਾ ਗਿਆ ਸੀ।

ਸਾਬਕਾ ਭਾਰਤੀ ਖਿਡਾਰੀ ਮਦਨ ਲਾਲ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਨੇ ਇਸ ਅਹੁਦੇ ਲਈ ਮੌਜੂਦਾ ਕੋਚ ਰਮਨ ਤੋਂ ਇਲਾਵਾ ਅੱਠ ਉਮੀਦਵਾਰਾਂ ਦੇ ਇੰਟਰਵਿਊ ਤੋਂ ਬਾਅਦ ਪੋਵਾਰ ਦੇ ਨਾਂ ਦੀ ਸਿਫ਼ਾਰਸ਼ ਕੀਤੀ। ਬੀਸੀਸੀਆਈ ਨੇ ਕਿਹਾ ਕਿ ਬੀਸੀਸੀਆਈ ਰਮੇਸ਼ ਪੋਵਾਰ ਨੂੰ ਭਾਰਤੀ ਟੀਮ (ਸੀਨੀਅਰ ਮਹਿਲਾ ਟੀਮ) ਦੇ ਮੁੱਖ ਕੋਚ ਦੇ ਰੂਪ ਵਿਚ ਨਿਯੁਕਤ ਕਰਨ ਦਾ ਐਲਾਨ ਕਰਦੀ ਹੈ। ਬੀਸੀਸੀਆਈ ਨੇ ਇਸ ਅਹੁਦੇ ਲਈ ਵਿਗਿਆਪਨ ਦਿੱਤਾ ਸੀ ਤੇ 35 ਤੋਂ ਵੱਧ ਬਿਨੈ ਪ੍ਰਰਾਪਤ ਕੀਤੇ ਸਨ।

ਇਸ ਅਹੁਦੇ ਲਈ ਪੋਵਾਰ ਤੇ ਰਮਨ ਤੋਂ ਇਲਾਵਾ ਭਾਰਤ ਦੇ ਸਾਬਕਾ ਵਿਕਟਕੀਪਰ ਅਜੇ ਰਾਤਰਾ ਤੇ ਸਾਬਕਾ ਮੁੱਖ ਚੋਣਕਾਰ ਹੇਮਲਤਾ ਕਾਲਾ ਸਮੇਤ ਪੰਜ ਮਹਿਲਾ ਉਮੀਦਵਾਰ ਦੌੜ ਵਿਚ ਸਨ। ਇਹ ਦੇਖਣਾ ਪਵੇਗਾ ਕਿ ਪਵਾਰ ਹੁਣ ਮਿਤਾਲੀ ਨਾਲ ਤਾਲਮੇਲ ਕਿਵੇਂ ਬਿਠਾਉਂਦੇ ਹਨ। ਮਿਤਾਲੀ ਨੇ ਪੋਵਾਰ 'ਤੇ ਹਰਮਪ੍ਰਰੀਤ ਕੌਰ ਦੀ ਅਗਵਾਈ ਵਾਲੀ ਟੀ-20 ਟੀਮ 'ਚੋਂ ਉਨ੍ਹਾਂ ਨੂੰ ਇੰਗਲੈਂਡ ਖ਼ਿਲਾਫ਼ ਵਿਸ਼ਵ ਕੱਪ (2018) ਸੈਮੀਫਾਈਨਲ 'ਚੋਂ ਬਾਹਰ ਕਰਨ ਦਾ ਦੋਸ਼ ਲਾਇਆ ਸੀ।

ਮਿਤਾਲੀ ਨੇ ਬੀਸੀਸੀਆਈ ਨੂੰ ਪੱਤਰ ਲਿਖ ਕੇ ਪੋਵਾਰ 'ਤੇ ਦੋਸ਼ ਲਾਇਆ ਸੀ ਕਿ ਪੋਵਾਰ ਨੇ ਮੇਰੇ ਕਰੀਅਰ ਨੂੰ ਖ਼ਤਮ ਕਰਨ ਤੇ ਮੈਨੂੰ ਅਪਮਾਨਿਤ ਕਰਨ ਲਈ ਅਜਿਹਾ ਕੀਤਾ ਹੈ। ਪੋਵਾਰ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਮਿਤਾਲੀ ਕਾਫੀ ਨਖ਼ਰੇ ਦਿਖਾਉਂਦੀ ਹੈ ਤੇ ਟੀਮ ਵਿਚ ਵਿਵਾਦ ਪੈਦਾ ਕਰਦੀ ਹੈ।

ਮੁੰਬਈ ਦੀ ਟੀਮ ਨੂੰ ਬਣਾਇਆ ਚੈਂਪੀਅਨ

ਮਹਿਲਾ ਟੀਮ ਦੀ ਜ਼ਿੰਮੇਵਾਰੀ ਤੋਂ ਮੁਕਤ ਕੀਤੇ ਜਾਣ ਤੋਂ ਬਾਅਦ ਪੋਵਾਰ ਨੇ ਖ਼ੁਦ ਨੂੰ ਇਕ ਕੋਚ ਦੇ ਰੂਪ ਵਿਚ ਸਾਬਤ ਕੀਤਾ ਤੇ ਇਸ ਸਾਲ ਦੀ ਸ਼ੁਰੂਆਤ ਵਿਚ ਵਿਜੇ ਹਜ਼ਾਰੇ ਟਰਾਫੀ ਵਿਚ ਬੁਰੀ ਤਰ੍ਹਾਂ ਨਾਕਾਮ ਰਹਿਣ ਵਾਲੀ ਮੁੰਬਈ ਦੀ ਟੀਮ ਨੂੰ ਸਈਅਦ ਮੁਸ਼ਤਾਕ ਅਲੀ ਟੀ-20 ਚੈਂਪੀਅਨਸ਼ਿਪ ਦਾ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ।

ਦੱਖਣੀ ਅਫਰੀਕਾ ਖ਼ਿਲਾਫ਼ ਹਾਰ ਕਾਰਨ ਰਮਨ ਦੀ ਛੁੱਟੀ

ਸਾਬਕਾ ਭਾਰਤੀ ਬੱਲੇਬਾਜ਼ ਰਮਨ ਦੀ ਦੇਖ ਰੇਖ ਵਿਚ ਮਹਿਲਾ ਟੀਮ ਪਿਛਲੇ ਸਾਲ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜੀ ਸੀ। ਇਸ ਸਾਲ ਮਾਰਚ ਵਿਚ ਦੱਖਣੀ ਅਫਰੀਕਾ ਦੀ ਟੀਮ ਖ਼ਿਲਾਫ਼ ਘਰੇਲੂ ਮੈਦਾਨ 'ਤੇ ਵਨ ਡੇ ਤੇ ਟੀ-20 ਸੀਰੀਜ਼ ਗੁਆਉਣ ਦਾ ਉਨ੍ਹਾਂ ਨੂੰ ਖਮਿਆਜ਼ਾ ਭੁਗਤਣਾ ਪਿਆ। ਕੋਵਿਡ-19 ਮਾਹਮਾਰੀ ਕਾਰਨ ਪਿਛਲੇ 12 ਮਹੀਨੇ ਵਿਚ ਹਾਲਾਂਕਿ ਇਹ ਟੀਮ ਦਾ ਪਹਿਲਾ ਮੁਕਾਬਲਾ ਸੀ।

ਵਿਸ਼ਵ ਕੱਪ ਲਈ ਟੀਮ ਨੂੰ ਤਿਆਰ ਕਰਨ ਦੀ ਚੁਣੌਤੀ

ਪੋਵਾਰ ਲਈ ਨਿਊਜ਼ੀਲੈਂਡ ਵਿਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਲਈ ਟੀਮ ਨੂੰ ਤਿਆਰ ਕਰਨ ਦੀ ਚੁਣੌਤੀ ਹੋਵੇਗੀ। ਇਸ ਤੋਂ ਪਹਿਲਾਂ ਉਨ੍ਹਾਂ ਦੀ ਦੇਖ ਰੇਖ ਵਿਚ ਟੀਮ ਇੰਗਲੈਂਡ ਦਾ ਦੌਰਾ ਕਰੇਗੀ ਜਿੱਥੇ ਉਸ ਨੇ 16 ਜੂਨ ਤੋਂ ਸੱਤ ਸਾਲ ਬਾਅਦ ਪਹਿਲਾ ਟੈਸਟ ਮੈਚ ਖੇਡਣਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਟੀਮ ਨੇ ਆਸਟ੍ਰੇਲੀਆ ਦਾ ਦੌਰਾ ਵੀ ਕਰਨਾ ਹੈ।