ਲਾਹੌਰ (ਪੀਟੀਆਈ) : ਪਾਕਿਸਤਾਨ ਦੇ ਸਾਬਕਾ ਕਪਤਾਨ ਰਮੀਜ਼ ਰਾਜਾ ਨੂੰ ਸੋਮਵਾਰ ਨੂੰ ਸਰਬਸੰਮਤੀ ਨਾਲ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ ਹੈ। ਉਹ ਅਹਿਸਾਨ ਮਨੀ ਦੀ ਥਾਂ ਅਗਲੇ ਤਿੰਨ ਸਾਲ ਲਈ ਇਹ ਅਹੁਦਾ ਸੰਭਾਲਣਗੇ। ਰਮੀਜ਼ ਦਾ ਪੀਸੀਬੀ ਨਾਲ ਦੂਜਾ ਕਾਰਜਕਾਲ ਹੈ। ਉਹ 2003 ਤੋਂ 2004 ਤਕ ਬੋਰਡ ਦੇ ਮੁੱਖ ਕਾਰਜਕਾਰੀ ਰਹਿ ਚੁੱਕੇ ਹਨ। ਬੋਰਡ ਦੀ ਵਿਸ਼ੇਸ਼ ਬੈਠਕ ਦੀ ਪ੍ਰਧਾਨਗੀ ਪੀਸੀਬੀ ਦੇ ਚੋਣ ਕਮਿਸ਼ਨਰ ਜਸਟਿਸ (ਸੇਵਾ ਮੁਕਤ) ਸ਼ੇਖ ਅਜਮਤ ਸਈਅਦ ਨੇ ਕੀਤੀ। ਰਮੀਜ਼ ਦੀ ਨਾਮਜ਼ਦਗੀ ਪ੍ਰਧਾਨ ਮੰਤਰੀ ਤੇ ਬੋਰਡ ਦੇ ਮੁੱਖ ਕਨਵੀਨਰ ਇਮਰਾਨ ਖ਼ਾਨ ਨੇ ਕੀਤਾ। ਵਿਸ਼ਵ ਕੱਪ 1992 ਦੀ ਜੇਤੂ ਟੀਮ ਦੇ ਮੈਂਬਰ ਰਹੇ ਰਮੀਜ਼ ਤੋਂ ਪਹਿਲਾਂ ਅਬਦੁੱਲ ਹਫ਼ੀਜ ਕਾਰਦਾਰ 1972 ਤੋਂ 1977 ਤਕ, ਜਾਵੇਦ ਬੁਰਕੀ 1994 ਤੋਂ 1995 ਤਕ ਤੇ ਏਜਾਜ਼ ਬੱਟ 2008 ਤੋਂ 2011 ਤਕ ਪੀਸੀਬੀ ਦੇ ਪ੍ਰਧਾਨ ਦੇ ਅਹੁਦੇ ’ਤੇ ਕਾਬਜ਼ ਹੋਣ ਵਾਲੇ ਸਾਬਕਾ ਕ੍ਰਿਕਟ ਖਿਡਾਰੀ ਸਨ। ਪਾਕਿਸਤਾਨ ਲਈ 1984 ਤੋਂ 1997 ਵਿਚਕਾਰ 205 ਤੋਂ ਜ਼ਿਆਦਾ ਮੈਚ ਖੇਡ ਕੇ 8674 ਦੌੜਾਂ ਬਣਾ ਚੁੱਕੇ ਰਮੀਜ਼ ਸੀਨੀਅਰ ਖੇਡ ਪ੍ਰਸ਼ਾਸਕ ਮਨੀ ਦੀ ਥਾਂ ਲੈਣਗੇ। ਜਿਨ੍ਹਾਂ ਦਾ ਕਾਰਜਕਾਲ ਪਿਛਲੇ ਮਹੀਨੇ ਖਤਮ ਹੋ ਚੁੱਕਾ ਹੈ। ਰਮੀਜ਼ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਪਾਕਿਸਤਾਨੀ ਪੁਰਸ਼ ਕ੍ਰਿਕਟ ਟੀਮ ਨੂੰ ਉਹੀ ਜਜ਼ਬਾ ਤੇ ਮਾਨਸਿਕਤਾ ਦੇਣਾ ਹੈ ਜਿਸ ਦੇ ਦਮ ’ਤੇ ਪਾਕਿਸਤਾਨੀ ਟੀਮ ਦੁਨੀਆ ਦੀਆਂ ਸਭ ਤੋਂ ਖਤਰਨਾਕ ਟੀਮਾਂ ’ਚੋਂ ਇਕ ਹੁੰਦੀ ਸੀ।

ਪਾਕਿ ਟੀਮ ਦੇ ਕੋਚ ਬਣੇ ਹੇਡਨ ਤੇ ਫਿਲੈਂਡਰ

ਲਾਹੌਰ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥੀਊ ਹੇਡਨ ਤੇ ਦੱਖਣੀ ਅਫਰੀਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਵਰਨੋਨ ਫਿਲੈਂਡਰ ਨੂੰ ਯੂਏਈ ’ਚ ਹੋਣ ਵਾਲੀ ਅਗਲੀ ਆਈਸੀਸੀ ਟੀ-20 ਵਿਸ਼ਵ ਕੱਪ ਲਈ ਪਾਕਿਸਤਾਨ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। ਪੀਸੀਬੀ ਦੇ ਨਵ ਨਿਯੁਕਤ ਪ੍ਰਧਾਨ ਰਮੀਜ਼ ਰਾਜਾ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਹੇਡਨ ਤੇ ਫਿਲੈਂਡਰ ਦੀ ਨਿਯੁਕਤੀ ਮੁੱਖ ਕੋਚ ਮਿਸਬਾਹ-ਉਲ-ਹੱਕ ਤੇ ਗੇਂਦਬਾਜ਼ੀ ਕੋਚ ਵਕਾਰ ਯੂਨਸ ਦੇ ਲਗਭਗ ਦੋ ਸਾਲ ਦੇ ਕਾਰਜਕਾਲ ਪੂਰਾ ਹੋਣ ’ਤੇ ਅਸਤੀਫਾ ਦੇਣ ਦੇ ਇਕ ਹਫਤੇ ਬਾਅਦ ਹੋਈ ਹੈ। ਪੀਸੀਬੀ ਨੇ ਇਸ ਤੋਂ ਪਹਿਲਾਂ ਨਿਊਜ਼ੀਲੈਂਡ ਖ਼ਿਲਾਫ਼ ਘਰੇਲੂ ਸੀਰੀਜ਼ ਲਈ ਸਾਬਕਾ ਟੈਸਟ ਸਪਿਨਰ ਸਕਲੇਨ ਮੁਸ਼ਤਾਕ ਤੇ ਆਲ ਰਾਊਂਡਰ ਅਬਦੁੱਲ ਰੱਜਾਕ ਨੂੰ ਅੰਤਰਿਮ ਕੋਚ ਦੇ ਰੂਪ ’ਚ ਨਿਯੁਕਤ ਕੀਤਾ ਸੀ।

Posted By: Jatinder Singh