ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਨਿਊਜ਼ੀਲੈਂਡ ਦੇ ਸਾਬਕਾ ਬੱਲੇਬਾਜ਼ ਰਾਸ ਟੇਲਰ ਨੇ ਆਪਣੀ ਆਟੋਬਾਇਓਗ੍ਰਾਫੀ ਵਿਚ ਖ਼ੁਲਾਸਾ ਕਰਦੇ ਹੋਏ ਦੱਸਿਆ ਹੈ ਕਿ ਆਈਪੀਐੱਲ ਦੇ ਇਕ ਮੈਚ ਦੌਰਾਨ ਖ਼ਾਤਾ ਖੋਲ੍ਹੇ ਬਿਨਾਂ ਆਊਟ ਹੋਣ ’ਤੇ ਰਾਜਸਥਾਨ ਰਾਇਲਜ਼ ਦੇ ਇਕ ਮਾਲਕ ਨੇ ਉਨ੍ਹਾਂ ਨੂੰ ਥੱਪੜ ਮਾਰੇ ਸੀ।

ਆਪਣੀ ਕਿਤਾਬ ਬਲੈਕ ਐਂਡ ਵ੍ਹਾਈਟ ’ਚ ਟੇਲਰ ਨੇ ਉਸ ਕਿੱਸੇ ਨੂੰ ਯਾਦ ਕੀਤਾ ਜਦ ਉਹ ਆਈਪੀਐੱਲ ਵਿਚ ਰਾਜਸਥਾਨ ਫਰੈਂਚਾਈਜ਼ੀ ਲਈ ਖੇਡਦੇ ਸਨ ਤਾਂ ਕਿੰਗਜ਼ ਇਲੈਵਨ ਪੰਜਾਬ (ਹੁਣ ਪੰਜਾਬ ਕਿੰਗਜ਼) ਖ਼ਿਲਾਫ਼ ਖ਼ਾਤਾ ਖੋਲ੍ਹੇ ਬਿਨਾਂ ਆਊਟ ਹੋਣ ਤੋਂ ਬਾਅਦ ਉਨ੍ਹਾਂ ਨੂੰ ਟੀਮ ਦੇ ਇਕ ਮਾਲਕ ਨੇ ਥੱਪੜ ਮਾਰੇ ਸੀ। ਉਨ੍ਹਾਂ ਨੇ ਕਿਹਾ ਕਿ ਥੱਪੜ ਜ਼ਿਆਦਾ ਜ਼ੋਰਦਾਰ ਨਹੀਂ ਸਨ ਪਰ ਉਹ ਇਸ ਗੱਲ ਲਈ ਪੱਕੇ ਨਹੀਂ ਹਨ ਕਿ ਟੀਮ ਦੇ ਮਾਲਕ ਨੇ ਅਜਿਹਾ ਮਜ਼ਾਕ ਵਿਚ ਕੀਤਾ ਸੀ।

ਟੇਲਰ ਨੇ ਆਪਣੀ ਆਟੋਬਾਇਗ੍ਰੋਫੀ ਵਿਚ ਕਿਹਾ ਕਿ ਰਾਜਸਥਾਨ ਦਾ ਮੋਹਾਲੀ ਵਿਚ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ ਮੈਚ ਸੀ ਤੇ ਸਾਡੀ ਟੀਮ ਨੂੰ 195 ਦੌੜਾਂ ਦਾ ਟੀਚਾ ਮਿਲਿਆ ਸੀ। ਮੈਂ ਜ਼ੀਰੋ ’ਤੇ ਲੱਤ ਅੜਿੱਕਾ ਆਊਟ ਹੋ ਗਿਆ ਸੀ ਤੇ ਅਸੀਂ ਟੀਚੇ ਨੂੰ ਹਾਸਲ ਨਹੀਂ ਕਰ ਸਕੇ ਸੀ। ਮੈਚ ਤੋਂ ਬਾਅਦ ਟੀਮ, ਸਹਾਇਕ ਸਟਾਫ ਤੇ ਟੀਮ ਮਨੇਜਮੈਂਟ ਹੋਟਲ ਦੇ ਟਾਪ ਫਲੋਰ ’ਚ ਮੌਜੂਦ ਸੀ। ਲਿਜ ਹਰਲੀ ਵੀ ਸ਼ੇਨ ਵਾਰਨ ਦੇ ਨਾਲ ਸਨ। ਰਾਜਸਥਾਨ ਦੇ ਇਕ ਮਾਲਕ ਨੇ ਮੈਨੂੰ ਕਿਹਾ ਕਿ ਰਾਸ ਅਸੀਂ ਤੁਹਾਨੂੰ ਜ਼ੀਰੋ ’ਤੇ ਆਊਟ ਹੋਣ ਲਈ ਮਿਲੀਅਨ ਡਾਲਰ ਨਹੀਂ ਦਿੱਤੇ ਤੇ ਇਹ ਕਹਿਣ ਤੋਂ ਬਾਅਦ ਉਨ੍ਹਾਂ ਨੇ ਮੇਰੇ ਗੱਲ੍ਹ ’ਤੇ ਤਿੰਨ-ਚਾਰ ਵਾਰ ਥੱਪੜ ਮਾਰੇ।

ਉਨ੍ਹਾਂ ਨੇ ਲਿਖਿਆ ਕਿ ਉਹ ਹੱਸ ਰਹੇ ਸਨ ਤੇ ਥੱਪੜ ਜ਼ਿਆਦਾ ਜ਼ੋਰ ਨਾਲ ਨਹੀਂ ਮਾਰੇ ਸਨ। ਮੈਨੂੰ ਨਹੀਂ ਪਤਾ ਕਿ ਇਹ ਮਜ਼ਾਕ ਸੀ ਕਿ ਨਹੀਂ ਪਰ ਆਪਣੇ ਕਰੀਅਰ ਵਿਚ ਮੈਂ ਅਜਿਹੀ ਚੀਜ਼ ਦੀ ਕਲਪਨਾ ਵੀ ਨਹੀਂ ਕਰ ਸਕਦਾ ਸੀ। ਨਿਊਜ਼ੀਲੈਂਡ ਦੇ ਇਸ ਸਾਬਕਾ ਬੱਲੇਬਾਜ਼ ਨੇ 2008 ਤੋਂ 2010 ਤਕ ਰਾਇਲ ਚੈਲੰਜਰਜ਼ ਬੈਂਗਲੁਰੂ ਦੀ ਨੁਮਾਇੰਦਗੀ ਕੀਤੀ ਸੀ ਤੇ 2011 ਵਿਚ ਉਹ ਰਾਜਸਥਾਨ ਲਈ ਖੇਡਣ ਲੱਗੇ ਸਨ।

Posted By: Gurinder Singh