ਨਵੀਂ ਦਿੱਲੀ (ਜੇਐੱਨਐੱਨ) : ਸੰਜੂ ਸੈਮਸਨ ਜਦ ਚੱਲਦੇ ਹਨ ਤਾਂ ਫਿਰ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ। ਅਜਿਹਾ ਹੀ ਇਕ ਵਾਰ ਮੁੜ ਸੈਮਸਨ ਨੇ ਮੰਗਲਵਾਰ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਸ਼ਾਰਜਾਹ ਵਿਚ ਹੋਏ ਮੁਕਾਬਲੇ ਵਿਚ ਕੀਤਾ। ਉਨ੍ਹਾਂ ਨੇ ਸਿਰਫ਼ 32 ਗੇਂਦਾਂ 'ਚ ਨੌਂ ਛੱਕਿਆਂ ਤੇ ਇਕ ਚੌਕੇ ਦੀ ਮਦਦ ਨਾਲ 74 ਦੌੜਾਂ ਬਣਾ ਦਿੱਤੀਆਂ। ਉਨ੍ਹਾਂ ਦਾ ਚੰਗਾ ਸਾਥ ਸਟੀਵ ਸਮਿਥ ਨੇ ਦਿੱਤਾ ਜਿਨ੍ਹਾਂ ਨੇ 47 ਗੇਂਦਾਂ 'ਤੇ 69 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪਾਰੀ ਦੇ ਅੰਤ 'ਚ ਜੋਫਰਾ ਆਰਚਰ ਨੇ ਸਿਰਫ਼ ਅੱਠ ਗੇਂਦਾਂ 'ਤੇ ਚਾਰ ਛੱਕਿਆਂ ਦੀ ਮਦਦ ਨਾਲ 27 ਦੌੜਾਂ ਬਣਾ ਦਿੱਤੀਆਂ। ਇਨ੍ਹਾਂ ਤਿੰਨਾਂ ਦੀਆਂ ਸ਼ਾਨਦਾਰ ਪਾਰੀਆਂ ਦੇ ਦਮ 'ਤੇ ਰਾਜਸਥਾਨ ਰਾਇਲਜ਼ ਨੇ ਤੈਅ 20 ਓਵਰਾਂ 'ਚ ਸੱਤ ਵਿਕਟਾਂ 'ਤੇ 216 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਚੇਨਈ ਦੀ ਟੀਮ ਨੇ ਵੀ ਚੰਗਾ ਸੰਘਰਸ਼ ਕੀਤਾ ਪਰ ਉਹ ਛੇ ਵਿਕਟਾਂ 'ਤੇ 200 ਦੌੜਾਂ ਹੀ ਬਣਾ ਸਕੀ ਤੇ 16 ਦੌੜਾਂ ਨਾਲ ਮੈਚ ਹਾਰ ਗਈ। ਚੇਨਈ ਵੱਲੋਂ ਸਭ ਤੋਂ ਜ਼ਿਆਦਾ ਦੌੜਾਂ ਫਾਫ ਡੂ ਪਲੇਸਿਸ (72) ਨੇ ਬਣਾਈਆਂ। ਟਾਸ ਜਿੱਤ ਕੇ ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਰਾਇਲਜ਼ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਦਿੱਤਾ। ਯਸ਼ਸਵੀ ਜਾਇਸਵਾਲ ਦੇ ਆਊਟ ਹੋਣ ਤੋਂ ਬਾਅਦ ਮੈਦਾਨ 'ਤੇ ਆਏ ਸੰਜੂ ਸੈਮਸਨ ਨੇ ਸਪਿੰਨਰ ਰਵਿੰਦਰ ਜਡੇਜਾ ਤੇ ਪੀਯੂਸ਼ ਚਾਵਲਾ ਦਾ ਚੰਗਾ ਕੁਟਾਪਾ ਚਾੜਿ੍ਹਆ। ਉਨ੍ਹਾਂ

ਨੇ ਦੋਵਾਂ ਗੇਂਦਬਾਜ਼ਾਂ 'ਤੇ ਲੰਬੇ-ਲੰਬੇ ਛੱਕੇ ਜੜ ਦਿੱਤੇ। 18 ਗੇਂਦਾਂ ਵਿਚ ਸੈਮਸਨ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ।