ਨਵੀਂ ਦਿੱਲੀ (ਜੇਐੱਨਐੱਨ) : ਕ੍ਰਿਸ ਮੌਰਿਸ ਨੂੰ ਇਸ ਵਾਰ ਨਿਲਾਮੀ ਵਿਚ ਰਾਜਸਥਾਨ ਰਾਇਲਜ਼ ਨੇ 16.25 ਕਰੋੜ ਰੁਪਏ ਵਿਚ ਖ਼ਰੀਦਿਆ ਸੀ ਤੇ ਜਦ ਪੰਜਾਬ ਕਿੰਗਜ਼ ਖ਼ਿਲਾਫ਼ ਰਾਜਸਥਾਨ ਨੂੰ ਆਖਰੀ ਦੋ ਗੇਂਦਾਂ 'ਤੇ ਪੰਜ ਦੌੜਾਂ ਚਾਹੀਦੀਆਂ ਸਨ ਤਾਂ ਕਪਤਾਨ ਸੰਜੂ ਸੈਮਸਨ ਨੇ ਉਨ੍ਹਾਂ 'ਤੇ ਯਕੀਨ ਨਹੀਂ ਕੀਤਾ ਤੇ ਆਖ਼ਰੀ ਗੇਂਦ ਖੇਡਣ ਲਈ ਉਨ੍ਹਾਂ ਨੂੰ ਸਟ੍ਰਾਈਕ ਨਹੀਂ ਦਿੱਤੀ ਸੀ ਪਰ ਇਸ ਵਾਰ ਦਿੱਲੀ ਕੈਪੀਟਲਜ਼ ਖ਼ਿਲਾਫ਼ ਵੀਰਵਾਰ ਨੂੰ ਮੁੰਬਈ ਵਿਚ ਉਨ੍ਹਾਂ ਨੇ ਰਾਜਸਥਾਨ ਦੇ ਸਿਖਰਲੇ ਬੱਲੇਬਾਜ਼ਾਂ ਦੇ ਜਲਦ ਆਊਟ ਹੋਣ ਤੋਂ ਬਾਅਦ ਅੱਠਵੇਂ ਨੰਬਰ 'ਤੇ ਉਤਰ ਕੇ 18 ਗੇਂਦਾਂ 'ਤੇ ਚਾਰ ਛੱਕਿਆਂ ਦੀ ਮਦਦ ਨਾਲ ਅਜੇਤੂ 36 ਦੌੜਾਂ ਬਣਾ ਕੇ ਟੀਮ ਨੂੰ ਤਿੰਨ ਵਿਕਟਾਂ ਨਾਲ ਜਿੱਤ ਦਿਵਾਈ।

ਰਾਜਸਥਾਨ ਲਈ ਡਵਿਡ ਮਿਲਰ ਨੇ ਵੀ 43 ਗੇਂਦਾਂ 'ਤੇ ਸੱਤ ਚੌਕਿਆਂ ਤੇ ਦੋ ਛੱਕਿਆਂ ਨਾਲ 62 ਦੌੜਾਂ ਬਣਾਈਆਂ। ਰਾਜਸਥਾਨ ਨੇ 19.4 ਓਵਰਾਂ ਵਿਚ ਸੱਤ ਵਿਕਟਾਂ 'ਤੇ 150 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਦਿੱਲੀ ਨੇ ਕਪਤਾਨ ਰਿਸ਼ਭ ਪੰਤ ਦੇ ਅਰਧ ਸੈਂਕੜੇ ਦੀ ਮਦਦ ਨਾਲ 20 ਓਵਰਾਂ ਵਿਚ ਅੱਠ ਵਿਕਟਾਂ 'ਤੇ 147 ਦੌੜਾਂ ਬਣਾਈਆਂ। ਪੰਤ ਨੇ 32 ਗੇਂਦਾਂ 'ਤੇ ਨੌਂ ਚੌਕਿਆਂ ਦੀ ਮਦਦ ਨਾਲ 51 ਦੌੜਾਂ ਬਣਾਈਆਂ। ਰਾਜਸਥਾਨ ਵੱਲੋਂ ਜੈਦੇਵ ਉਨਾਦਕਟ ਨੇ 15 ਦੌੜਾਂ ਦੇ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।