ਮੁੰਬਈ (ਪੀਟੀਆਈ) : ਰਾਜਸਥਾਨ ਰਾਇਲਜ਼ ਦੀ ਟੀਮ ਪਹਿਲੇ ਮੁਕਾਬਲੇ ਵਿਚ ਦਿਲ ਤੋੜਨ ਵਾਲੀ ਹਾਰ ਤੇ ਸੱਟ ਕਾਰਨ ਸਟਾਰ ਹਰਫ਼ਨਮੌਲਾ ਬੇਨ ਸਟੋਕਸ ਦੇ ਬਾਹਰ ਹੋਣ ਦੀ ਨਿਰਾਸ਼ਾ ਵਿਚਾਲੇ ਵੀਰਵਾਰ ਨੂੰ ਆਈਪੀਐੱਲ ਮੁਕਾਬਲੇ ਵਿਚ ਜਦ ਇੱਥੇ ਆਤਮਵਿਸ਼ਵਾਸ ਨਾਲ ਭਰੀ ਦਿੱਲੀ ਕੈਪੀਟਲਜ਼ ਖ਼ਿਲਾਫ਼ ਉਤਰੇਗੀ ਤਾਂ ਉਸ ਨੂੰ ਨਵੇਂ ਕਪਤਾਨ ਸੰਜੂ ਸੈਮਸਨ ਤੋਂ ਇਕ ਹੋਰ ਸ਼ਾਨਦਾਰ ਪਾਰੀ ਦੀ ਉਮੀਦ ਹੋਵੇਗੀ। ਦਿੱਲੀ ਕੈਪੀਟਲਜ਼ ਨੇ ਆਪਣੇ ਨਵੇਂ ਕਪਤਾਨ ਰਿਸ਼ਭ ਪੰਤ ਦੀ ਅਗਵਾਈ ਵਿਚ ਸ਼ਾਨਦਾਰ ਸ਼ੁਰੂਆਤ ਕਰਦੇ ਹੋਏ ਆਪਣੇ ਪਹਿਲੇ ਮੈਚ ਵਿਚ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੂੰ ਸੱਤ ਵਿਕਟਾਂ ਨਾਲ ਹਰਾਇਆ ਪਰ ਰਾਇਲਜ਼ ਨੂੰ ਸੋਮਵਾਰ ਰਾਤ ਵੱਡੇ ਸਕੋਰ ਵਾਲੇ ਫ਼ਸਵੇਂ ਮੁਕਾਬਲੇ ਵਿਚ ਪੰਜਾਬ ਕਿੰਗਜ਼ ਖ਼ਿਲਾਫ਼ ਚਾਰ ਦੌੜਾਂ ਨਾਲ ਹਾਰ ਸਹਿਣੀ ਪਈ। ਪੰਜਾਬ ਤੋਂ ਮਿਲੇ 222 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦੇ ਹੋਏ ਰਾਇਲਜ਼ ਦੀ ਟੀਮ ਆਈਪੀਐੱਲ ਵਿਚ ਕਪਤਾਨ ਦੇ ਰੂਪ ਵਿਚ ਸੈਮਸਨ (62 ਗੇਂਦਾਂ ਵਿਚ 119 ਦੌੜਾਂ) ਦੇ ਪਹਿਲੇ ਹੀ ਮੈਚ ਵਿਚ ਸੈਂਕੜੇ ਦੀ ਬਦੌਲਤ ਅੰਤ ਤਕ ਮੈਚ ਵਿਚ ਬਣੀ ਹੋਈ ਸੀ ਪਰ ਟੀਮ ਨੂੰ ਆਖ਼ਰੀ ਗੇਂਦ ਵਿਚ ਜਦ ਜਿੱਤ ਲਈ ਪੰਜ ਦੌੜਾਂ ਦੀ ਲੋੜ ਸੀ ਤਾਂ ਸੈਮਸਨ ਬਾਊਂਡਰੀ 'ਤੇ ਕੈਚ ਦੇ ਬੈਠੇ। ਇਸ ਹਾਰ ਤੋਂ ਬਾਅਦ ਟੀਮ ਨੂੰ ਹੋਰ ਕਰਾਰਾ ਝਟਕਾ ਲੱਗਾ ਜਦ ਮੰਗਲਵਾਰ ਨੂੰ ਸਟਾਰ ਹਰਫ਼ਨਮੌਲਾ ਸਟੋਕਸ ਉਂਗਲੀ ਵਿਚ ਫਰੈਕਚਰ ਕਾਰਨ ਬਾਕੀ ਬਚੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਸਟੋਕਸ ਦੀ ਗੈਰਮੌਜੂਦਗੀ ਵਿਚ ਜੋਸ ਬਟਲਰ, ਸ਼ਿਵਮ ਦੂਬੇ ਤੇ ਰਿਆਨ ਪਰਾਗ ਵਰਗੇ ਖਿਡਾਰੀਆਂ 'ਤੇ ਬਿਹਤਰ ਪ੍ਰਦਰਸ਼ਨ ਤੇ ਕਪਤਾਨ ਦਾ ਸਾਥ ਦੇਣ ਦਾ ਦਬਾਅ ਹੋਵੇਗਾ। ਪਹਿਲੇ ਮੈਚ ਵਿਚ ਮਨਨ ਵੋਹਰਾ (12), ਬਟਲਰ (25), ਦੂਬੇ (23) ਤੇ ਪਰਾਗ (25) ਚੰਗੀ ਸ਼ੁਰੂਆਤ ਨੂੰ ਵੱਡੀਆਂ ਪਾਰੀਆਂ ਵਿਚ ਬਦਲਣ ਵਿਚ ਨਾਕਾਮ ਰਹੇ।

ਕੈਪੀਟਲਜ਼ ਨੇ ਕੀਤੀ ਸੀ ਜਿੱਤ ਨਾਲ ਸ਼ੁਰੂਆਤ

ਦੂਜੇ ਪਾਸੇ ਪਿਛਲੀ ਵਾਰ ਦੀ ਉੱਪ ਜੇਤੂ ਦਿੱਲੀ ਕੈਪੀਟਲਜ਼ ਨੇ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ ਤਿੰਨ ਵਾਰ ਦੀ ਚੈਂਪੀਅਨ ਸੀਐੱਸਕੇ ਖ਼ਿਲਾਫ਼ ਆਸਾਨ ਜਿੱਤ ਦਰਜ ਕੀਤੀ। ਸੀਐੱਸਕੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸੱਤ ਵਿਕਟਾਂ 'ਤੇ 188 ਦੌੜਾਂ ਬਣਾਈਆਂ ਪਰ ਦਿੱਲੀ ਨੇ ਸਲਾਮੀ ਬੱਲੇਬਾਜ਼ਾਂ ਸ਼ਿਖਰ ਧਵਨ (54 ਗੇਂਦਾਂ ਵਿਚ 85) ਤੇ ਪਿ੍ਰਥਵੀ ਸ਼ਾਅ (38 ਗੇਂਦਾਂ ਵਿਚ 72 ਦੌੜਾਂ) ਵਿਚਾਲੇ ਪਹਿਲੀ ਵਿਕਟ ਦੀ 138 ਦੌੜਾਂ ਦੀ ਭਾਈਵਾਲੀ ਦੀ ਬਦੌਲਤ ਆਸਾਨ ਜਿੱਤ ਦਰਜ ਕੀਤੀ।

ਟੀਮਾਂ 'ਚ ਸ਼ਾਮਲ ਖਿਡਾਰੀ

ਰਾਜਸਥਾਨ ਰਾਇਲਜ਼

ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜਾਇਸਵਾਲ, ਮਨਨ ਵੋਹਰਾ, ਅਨੁਜ ਰਾਵਤ, ਰਿਆਨ ਪਰਾਗ, ਡੇਵਿਡ ਮਿਲਰ, ਰਾਹੁਲ ਤੇਵਤੀਆ, ਮਹੀਪਾਲ ਲੋਮਰੋਰ, ਸ਼੍ਰੇਅਸ ਗੋਪਾਲ, ਮਯੰਕ ਮਾਰਕੰਡੇ, ਐਂਡਰਿਊ ਟਾਈ, ਜੈਦੇਵ ਉਨਾਦਕਟ, ਕਾਰਤਿਕ ਤਿਆਗੀ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਮੁਸਤਫਿਜੁਰ ਰਹਿਮਾਨ, ਚੇਤਨ ਸਕਾਰੀਆ, ਕੇਸੀ ਕਰੀਅੱਪਾ, ਲਿਆਮ ਲਿਵਿੰਗਸਟੋਨ, ਕੁਲਦੀਪ ਯਾਦਵ ਤੇ ਆਕਾਸ਼ ਸਿੰਘ।

ਦਿੱਲੀ ਕੈਪੀਟਲਜ਼

ਰਿਸ਼ਭ ਪੰਤ (ਕਪਤਾਨ), ਸ਼ਿਖਰ ਧਵਨ, ਪਿ੍ਰਥਵੀ ਸ਼ਾਅ, ਅਜਿੰਕੇ ਰਹਾਣੇ, ਸ਼ਿਮਰੋਨ ਹੇਟਮਾਇਰ, ਮਾਰਕਸ ਸਟੋਈਨਿਸ, ਕ੍ਰਿਸ ਵੋਕਸ, ਆਰ ਅਸ਼ਵਿਨ, ਅਮਿਤ ਮਿਸ਼ਰਾ, ਲਲਿਤ ਯਾਦਵ, ਪ੍ਰਵੀਣ ਦੂਬੇ, ਕੈਗੀਸੋ ਰਬਾਦਾ, ਐਨਰਿਕ ਨਾਰਤਜੇ, ਇਸ਼ਾਂਤ ਸ਼ਰਮਾ, ਆਵੇਸ਼ ਖ਼ਾਨ, ਸਟੀਵ ਸਮਿਥ, ਉਮੇਸ਼ ਯਾਦਵ, ਰਿਪਲ ਪਟੇਲ, ਵਿਸ਼ਣੂ ਵਿਨੋਦ, ਲੁਕਮਾਨ ਮੇਰੀਵਾਲਾ, ਐੱਮ ਸਿੱਧਾਰਥ, ਟਾਮ ਕੁਰਨ ਤੇ ਸੈਮ ਬਿਲਿੰਗਜ਼।