ਨਵੀਂ ਦਿੱਲੀ (ਪੀਟੀਆਈ) : ਬੱਲੇਬਾਜ਼ ਕੇਐੱਲ ਰਾਹੁਲ ਨੂੰ ਫਿੱਟ ਹੋਣ ਤੋਂ ਬਾਅਦ ਚਾਹੇ ਜ਼ਿੰਬਾਬਵੇ ਦੌਰੇ ਲਈ ਭਾਰਤੀ ਟੀਮ ਦੀ ਕਮਾਨ ਸੌਂਪੀ ਗਈ ਹੈ ਪਰ ਉਨ੍ਹਾਂ ਨੂੰ ਹੁਣ ਵੀ ਆਪਣੀ ਕਪਤਾਨੀ ਵਿਚ ਪਹਿਲੀ ਜਿੱਤ ਦੀ ਉਡੀਕ ਹੈ। ਦੂਜੇ ਪਾਸੇ ਸ਼ਿਖਰ ਧਵਨ ਭਾਰਤ ਦੇ ਕਾਮਯਾਬ ਕਪਤਾਨਾਂ ਵਿਚ ਸ਼ਾਮਲ ਹਨ ਜਿਨ੍ਹਾਂ ਨੇ ਪਹਿਲਾਂ ਇਸ ਦੌਰੇ 'ਚ ਟੀਮ ਦੀ ਅਗਵਾਈ ਕਰਨੀ ਸੀ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਰਾਹੁਲ ਨੂੰ ਰੋਹਿਤ ਸ਼ਰਮਾ ਦੇ ਨਾਲ ਤਿੰਨਾਂ ਫਾਰਮੈਟਾਂ ਵਿਚ ਉੱਪ ਕਪਤਾਨ ਬਣਾ ਕੇ ਰੱਖਿਆ ਹੈ ਤੇ ਇਸ ਲਈ ਉਨ੍ਹਾਂ ਦੇ ਫਿੱਟ ਹੋਣ 'ਤੇ ਉਨ੍ਹਾਂ ਨੂੰ ਜ਼ਿੰਬਾਬਵੇ ਦੌਰੇ ਲਈ ਧਵਨ ਦੀ ਥਾਂ ਕਪਤਾਨੀ ਸੌਂਪੀ ਗਈ ਹੈ। ਪਰ ਰਾਹੁਲ ਨੇ ਹੁਣ ਤਕ ਜਿੰਨੇ ਵੀ ਅੰਤਰਰਾਸ਼ਟਰੀ ਕ੍ਰਿਕਟ ਮੈਚਾਂ ਵਿਚ ਕਪਤਾਨੀ ਕੀਤੀ ਹੈ ਉਨ੍ਹਾਂ ਸਾਰਿਆਂ ਵਿਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਦੂਜੇ ਪਾਸੇ ਧਵਨ ਨੇ ਛੇ ਵਨ ਡੇ ਮੈਚਾਂ ਵਿਚ ਭਾਰਤੀ ਟੀਮ ਦੀ ਕਮਾਨ ਸੰਭਾਲੀ ਹੈ ਜਿਨ੍ਹਾਂ ਵਿਚੋਂ ਪੰਜ ਮੈਚਾਂ ਵਿਚ ਟੀਮ ਨੂੰ ਜਿੱਤ ਮਿਲੀ ਹੈ। ਇਸ ਤੋਂ ਇਲਾਵਾ ਧਵਨ ਨੇ ਤਿੰਨ ਟੀ-20 ਮੈਚਾਂ ਵਿਚ ਵੀ ਕਪਤਾਨੀ ਕੀਤੀ ਹੈ ਜਿਸ ਵਿਚ ਉਨ੍ਹਾਂ ਦਾ ਰਿਕਾਰਡ ਇਕ ਜਿੱਤ ਤੇ ਦੋ ਹਾਰ ਹੈ। ਧਵਨ ਨੇ ਪਿਛਲੇ ਸਾਲ ਜੁਲਾਈ ਵਿਚ ਪਹਿਲੀ ਵਾਰ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ। ਉਹ ਪਿਛਲੇ ਦਿਨੀਂ ਵੈਸਟਇੰਡੀਜ਼ ਦੇ ਵਨ ਡੇ ਦੌਰੇ ਵਿਚ ਵੀ ਟੀਮ ਦੇ ਕਪਤਾਨ ਸਨ। ਵੈਸਟਇੰਡੀਜ਼ ਖ਼ਿਲਾਫ਼ ਭਾਰਤੀ ਟੀਮ ਨੇ ਤਿੰਨ ਵਨ ਡੇ ਦੀ ਸੀਰੀਜ਼ ਵਿਚ ਕਲੀਨ ਸਵੀਪ ਕੀਤਾ, ਜਦਕਿ ਸ੍ਰੀਲੰਕਾ ਖ਼ਿਲਾਫ਼ ਉਸ ਨੇ ਸੀਰੀਜ਼ 2-1 ਨਾਲ ਜਿੱਤੀ ਸੀ। ਪਿਛਲੇ ਸਾਲ ਸ੍ਰੀਲੰਕਾ ਖ਼ਿਲਾਫ਼ ਭਾਰਤੀ ਟੀਮ ਟੀ-20 ਸੀਰੀਜ਼ ਵਿਚ 1-2 ਨਾਲ ਹਾਰ ਗਈ ਸੀ।

ਰਾਹੁਲ ਨੇ ਇਸ ਸਾਲ ਜਨਵਰੀ ਵਿਚ ਦੱਖਣੀ ਅਫਰੀਕੀ ਦੌਰੇ 'ਚ ਰੋਹਿਤ ਸ਼ਰਮਾ ਦੀ ਗ਼ੈਰਮੌਜੂਦਗੀ ਵਿਚ ਪਹਿਲੀ ਵਾਰ ਭਾਰਤੀ ਟੀਮ ਦੀ ਅਗਵਾਈ ਕੀਤੀ ਸੀ। ਉਨ੍ਹਾਂ ਦੀ ਅਗਵਾਈ ਵਿਚ ਭਾਰਤ ਨੇ ਦੱਖਣੀ ਅਫਰੀਕਾ ਖ਼ਿਲਾਫ਼ ਜੋ ਤਿੰਨ ਵਨ ਡੇ ਮੈਚ ਖੇਡੇ ਸਨ ਉਨ੍ਹਾਂ ਸਾਰਿਆਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰੇ ਦੇ ਦੂਜੇ ਟੈਸਟ ਮੈਚ ਵਿਚ ਉਸ ਵੇਲੇ ਦੇ ਕਪਤਾਨ ਵਿਰਾਟ ਕੋਹਲੀ ਦੇ ਪੂਰੀ ਤਰ੍ਹਾਂ ਫਿੱਟ ਨਾ ਹੋਣ ਕਾਰਨ ਰਾਹੁਲ ਨੂੰ ਪਹਿਲੀ ਵਾਰ ਟੈਸਟ ਕ੍ਰਿਕਟ ਵਿਚ ਕਪਤਾਨੀ ਦਾ ਮੌਕਾ ਮਿਲਿਆ ਸੀ ਪਰ ਭਾਰਤ ਇਹ ਮੈਚ ਸੱਤ ਵਿਕਟਾਂ ਨਾਲ ਹਾਰ ਗਿਆ ਸੀ।

ਰਾਹੁਲ ਨੇ ਇਸ ਸਾਲ ਫਰਵਰੀ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ। ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਸੀਰੀਜ਼ ਵਿਚ ਖੇਡਣਾ ਸੀ ਪਰ ਕੋਵਿਡ-19 ਲਈ ਪਾਜ਼ੇਟਿਵ ਪਾਏ ਜਾਣ ਕਾਰਨ ਉਹ ਨਹੀਂ ਖੇਡ ਸਕੇ ਸਨ। ਰਾਹੁਲ ਨੇ ਇਸ ਸਾਲ ਆਈਪੀਐੱਲ ਵਿਚ ਲਖਨਊ ਟੀਮ ਦੀ ਕਪਤਾਨੀ ਕੀਤੀ ਸੀ ਜਿੱਥੇ ਉਹ ਕਾਮਯਾਬ ਹੋਏ ਸਨ। ਤੇ ਉਨ੍ਹਾਂ ਦੀ ਅਗਵਾਈ ਵਿਚ ਟੀਮ ਨਾਕਆਊਟ ਗੇੜ ਵਿਚ ਪੁੱਜਣ ਵਿਚ ਕਾਮਯਾਬ ਰਹੀ ਸੀ।

Posted By: Gurinder Singh