ਨਵੀਂ ਦਿੱਲੀ (ਜੇਐੱਨਐੱਨ) : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਤਿੰਨ ਸਾਲ ਪਹਿਲਾਂ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਦੇ ਸਾਹਮਣੇ 49 ਦੌੜਾਂ 'ਤੇ ਸਿਮਟ ਗਈ ਸੀ। ਬੁੱਧਵਾਰ ਨੂੰ ਉਸ ਨੇ ਕੇਕੇਆਰ ਨੂੰ ਅੱਠ ਵਿਕਟਾਂ 'ਤੇ 84 ਦੌੜਾਂ ਬਣਾਉਣ ਦਿੱਤੀਆਂ। ਇਸ ਤੋਂ ਬਾਅਦ ਉਸ ਸੌਖੇ ਟੀਚੇ ਨੂੰ ਆਰਸੀਬੀ ਨੇ ਦੋ ਵਿਕਟਾਂ ਗੁਆ ਕੇ 13.3 ਓਵਰਾਂ ਵਿਚ ਹਾਸਲ ਕਰ ਕੇ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਕਬਜ਼ਾ ਕੀਤਾ। ਆਬੂਧਾਬੀ ਦੀ ਪਿੱਚ 'ਤੇ ਥੋੜ੍ਹਾ ਘੱਟ ਖਾਈ ਦੇ ਰਿਹਾ ਸੀ ਪਰ ਕੇਕੇਆਰ ਦੇ ਕਪਤਾਨ ਇਆਨ ਮਾਰਗਨ (30) ਨੇ ਇਸ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਆਮ ਦਿਨਾਂ ਦੇ ਮੁਕਾਬਲੇ ਬੁੱਧਵਾਰ ਨੂੰ ਪਹਿਲੀ ਪਾਰੀ ਵਿਚ ਦੁੱਗਣੀ ਸਵਿੰਗ ਦੇਖਣ ਨੂੰ ਮਿਲੀ। ਮੈਚ ਦੇ ਦੂਜੇ ਓਵਰ ਵਿਚ ਹੀ ਸਿਰਾਜ ਨੇ ਲਗਾਤਾਰ ਦੋ ਗੇਂਦਾਂ 'ਤੇ ਰਾਹੁਲ ਤਿ੍ਪਾਠੀ (01) ਤੇ ਨਿਤੀਸ਼ ਰਾਣਾ (00) ਨੂੰ ਆਊਟ ਕਰ ਕੇ ਕੇਕੇਆਰ ਨੂੰ ਸ਼ੁਰੂਆਤੀ ਝਟਕੇ ਦਿੱਤੇ। ਅਗਲੇ ਹੀ ਓਵਰ ਵਿਚ ਤੇਜ਼ ਗੇਂਦਬਾਜ਼ ਨਵਦੀਪ ਸੈਣੀ ਨੇ ਸ਼ੁਭਮਨ ਗਿੱਲ (01) ਦੀ ਵਿਕਟ ਡੇਗ ਦਿੱਤੀ। ਇਸ ਤੋਂ ਬਾਅਦ ਸਿਰਾਜ ਨੇ ਬੇਂਟਨ ਨੂੰ ਆਊਟ ਕਰ ਕੇ ਕੇਕੇਆਰ ਲਈ ਮੁਸ਼ਕਲਾਂ ਦਾ ਪਹਾੜ ਖੜ੍ਹਾ ਕਰ ਦਿੱਤਾ ਜਿਸ ਤੋਂ ਬਾਅਦ ਕੇਕੇਆਰ ਸੰਭਲ ਨਹੀਂ ਸਕੀ ਤੇ ਇਆਨ ਮਾਰਗਨ ਦੀਆਂ 30 ਦੌੜਾਂ ਦੀ ਮਦਦ ਨਾਲ ਸਿਰਫ਼ 84 ਦੌੜਾਂ ਹੀ ਬਣਾ ਸਕੀ।